ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਰੱਖਿਆ : Vijay Inder Singla

24

ਜੀਓ ਪੰਜਾਬ

ਚੰਡੀਗੜ, 23 ਜੂਨ

ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਦੋ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮੁਗਲਾਂ ਦੇ ਹੁਕਮ ਦੀ ਨਾ-ਫ਼ਰਮਾਨੀ ਕਰਨ ਦੀ ਹਿੰਮਤ ਕਰਨ ਵਾਲੇ ਦੀਵਾਨ ਟੋਡਰ ਮੱਲ ਦੀ ਸ਼ਾਨਾਮੱਤੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਜਹਾਜ਼ ਹਵੇਲੀ ਨੂੰ ਮੁੱਖ ਸੜਕ ਨਾਲ ਜੋੜਨ ਵਾਲੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਸੂਬਾ ਸਰਕਾਰ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਦੀਵਾਨ ਟੋਡਰ ਮੱਲ ਦੇ ਲਾਸਾਨੀ ਯੋਗਦਾਨ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਰਿਹਾਇਸ਼ ਜਹਾਜ਼ ਹਵੇਲੀ ਨਾਲ ਜੋੜਨ ਵਾਲੀ ਸੜਕ ਦਾ ਨਾਮ ਉਹਨਾਂ ਦੇ ਨਾਮ ’ਤੇ ਰੱਖਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਦੀ ਅਸਾਧਾਰਣ ਦਲੇਰੀ ਪ੍ਰਤੀ ਸ਼ੁਕਰਗੁਜ਼ਾਰੀ ਜਤਾਉਣ ਲਈ ਇਹ ਇੱਕ ਛੋਟਾ ਜਿਹਾ ਕਦਮ ਹੈ। ਉਹਨਾਂ ਚੇਤੇ ਕਰਵਾਉਂਦਿਆਂ ਕਿਹਾ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ਦੇ ਦੋਸ਼ ਹੇਠ ਜਿਉਂਦਿਆਂ ਨੀਹਾਂ ਵਿੱਚ ਚਿਣਵਾਇਆ ਜਾ ਰਿਹਾ ਸੀ ਅਤੇ ਕੋਈ ਵੀ ਉਹਨਾਂ(ਸਾਹਿਬਜ਼ਾਦਿਆਂ) ਦੇ ਸਸਕਾਰ ਲਈ ਜ਼ਮੀਨ ਦੇਣ ਲਈ ਰਾਜ਼ੀ ਨਹੀਂ ਸੀ ਤਾਂ ਉਸ ਸਮੇਂ ਨੂੰ ਮੁਗਲਾਂ ਦੇ ਹੁਕਮ ਦੀ ਪ੍ਰਵਾਹ ਨਾ ਕਰਦਿਆਂ ਦੀਵਾਨ ਟੋਡਰ ਮੱਲ ਸੋਨੇ ਦੇ ਸਿੱਕੇ ਵਿਛਾ ਕੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ ਅਤੇ ਮੁਗਲਾਂ ਤੋਂ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਮਿਲਣ ਉਪਰੰਤ ਅੰਤਿਮ ਸਸਕਾਰ ਵੀ ਕੀਤਾ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜੀ.ਟੀ ਰੋਡ ਤੋਂ ਜਹਾਜ਼ ਹਵੇਲੀ ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਕਰਨ ਲਈ ਮਨਜੂਰੀ ਦਿੱਤੀ ਗਈ ਸੀ ਅਤੇ ਹੁਣ ਟੈਂਡਰਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨਾਂ ਅੱਗੇ ਕਿਹਾ ਕਿ 1.5 ਕਿਲੋਮੀਟਰ ਦੇ ਛੋਟੇ ਜਿਹੇ ਟੋਟੇ, ਜਿਸਨੂੰ ਸੀਵਰੇਜ ਲਾਈਨਾਂ ਪਾਉਣ ਲਈ ਹਾਲੇ ਰੋਕਿਆ ਗਿਆ ਹੈ, ਤੋਂ ਇਲਾਵਾ ਬਾਕੀ ਸੜਕ ਨੂੰ ਚੌੜਾ ਕਰਨ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਵੱਖ-ਵੱਖ ਸੇਵਾਵਾਂ ਅਤੇ ਯੋਜਨਾਵਾਂ ਨੂੰ ਸੁਚੱਜੇ ਤੇ ਕਾਰਗਰ ਢੰਗ ਨਾਲ ਵਰਤਿਆ ਜਾ ਸਕੇ ਤਾਂ ਜੋ ਸੜਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ ਕਰਦਿਆਂ ਪੂਰੇ ਰਾਜ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਲਿਆਂਦਾ ਜਾ ਸਕੇ।

Jeeo Punjab Bureau

Leave A Reply

Your email address will not be published.