ਕਾਰਪੋਰੇਟਾ ਨਾਲ ਵਫਾਦਾਰੀ ਸਦਕਾ ਕਾਨੂੰਨ ਰੱਦ ਤੋਂ ਅੜੀ ਮੋਦੀ ਸਰਕਾਰ- ਉਗਰਾਹਾਂ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 25 ਫਰਵਰੀ

ਦਿਨੋ-ਦਿਨ ਵਧ ਤੇ ਫ਼ੈਲ ਰਹੇ ਸੰਘਰਸ਼ ਦੇ ਬਾਵਜੂਦ ਖੇਤੀ ਕਾਨੂੰਨਾਂ ਨੂੰ ਰੱਦ ਨਾ ਮੋਦੀ ਹਕੂਮਤ ਦੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ਼ ਗੂੜ੍ਹੀ ਸਾਂਝ ਤੇ ਵਫ਼ਾਦਾਰੀ   ਦਾ ਮੂੰਹ ਬੋਲਦਾ ਸਬੂਤ ਹੈ ਜਿਸਨੂੰ ਪੁਗਾਉਣ ਲਈ ਉਹ  ਪਾਰਲੀਮੈਂਟ ਵਿੱਚ  ਮਿਲੇ ਬਹੁਮੱਤ ਦਾ ਦੁਰਉਪਯੋਗ ਕਰ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਟਿੱਕਰੀ ਬਾਰਡਰ ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਬੀ ਜੇ ਪੀ ਦੀ ਸਰਕਾਰ ਵਾਲ਼ੇ ਕੲੀ ਰਾਜਾਂ ਚ ਵੀ  ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਭਾਰੀ ਤੇ ਤਿੱਖੇ ਵਿਰੋਧ ਸਦਕਾ ਜਨਤਕ ਰੈਲੀਆ ‘ਚ ਬਿਨਾਂ ਬੋਲੇ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਅਤੇ ਆਉਂਦੇ ਦਿਨਾਂ ਚ ਇਹ ਰੋਸ ਹੋਰ ਵਿਸ਼ਾਲ ਹੋਵੇਗਾ ਜ਼ੋ ਆਖ਼ਰ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ।  ਉਹਨਾਂ ਕਿਹਾ ਕਿ  ਪੰਜਾਬ ਤੋਂ ਸ਼ੁਰੂ ਹੋਏ ਗੈਰ  ਪਾਰਟੀ ਅਤੇ ਧਰਮ ਨਿਰਪੱਖ   ਕਿਸਾਨ   ਅੰਦੋਲਨ ਨੇ  ਦੂਜੇ ਰਾਜਾਂ ਦਾ ਅੰਦੋਲਨ ਵੀ ਬਰਾਬਰ ਲਿਆਂਦਾ ਹੈ ਜਿਸ ਦੀ ਢਿੱਡ ਪੀੜ  ਭਾਜਪਾ ਸਮੇਤ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਹੋ ਰਹੀ ਹੈ ।ਉਨ੍ਹਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ  ਮੌਜੂਦਾ ਅੰਦੋਲਨ ਨੂੰ ਜਾਤਾਂ ਧਰਮਾਂ ਤੇ ਇਲਾਕਿਆਂ ਤੋਂ ਉੱਪਰ ਉੱਠ ਕੇ ਕਾਲੇ ਕਾਨੂੰਨ ਰੱਦ ਕਰਾਉਣ ਤੇ ਗਿਰਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਾਉਣ ਵਰਗੀਆਂ ਮੰਗਾਂ ‘ਤੇ  ਕੇਂਦਰਤ ਰੱਖਣ ਲਈ ਤਾਣ ਜੁਟਾਉਣ ਅਤੇ ਇਹਨਾਂ ਕਿਸਾਨ ਮੋਰਚਿਆਂ ਤੇ ਵਿਸ਼ੇਸ਼ ਧਾਰਮਿਕ ਫਿਰਕੇ ਦੇ ਰੰਗ ਚੜਾਉਣ ਵਾਲੀਆਂ ਤਾਕਤਾਂ ਤੋਂ ਇਹਨਾਂ ਦੀ ਰਾਖੀ ਲਈ ਅੱਗੇ ਆਉਣ।  ਉਨ੍ਹਾਂ  26 ਜਨਵਰੀ ਨੂੰ ਲਾਲ ਕਿਲੇ ‘ਤੇ ਝੰਡਾ ਚੜ੍ਹਾਉਣ  ਨੂੰ ਬਹਾਨਾ ਬਣਾ ਕੇ ਮੋਦੀ ਸਰਕਾਰ  ਵੱਲੋਂ  ਕਿਸਾਨ ਆਗੂਆਂ ਤੇ ਕਿਸਾਨਾਂ ਉੱਤੇ  ਦੇਸ਼ ਧਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇ ਜਬਰ ਦੇ ਬਾਵਜੂਦ ਸੰਘਰਸ਼ ਜਾਰੀ ਰਹੇਗਾ ।  ਉਨ੍ਹਾਂ 27 ਫਰਵਰੀ ਨੂੰ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਅਤੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾਡ਼ੇ ਮੌਕੇ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਚ  ਦਿੱਲੀ ਮੋਰਚੇ ‘ਚ ਪਹੁੰਚਣ ਦੀ ਅਪੀਲ ਕੀਤੀ  ।

ਇਸ ਮੌਕੇ   ਹਰਿਆਣਾ ਦੇ ਕਿਸਾਨ ਆਗੂ ਵੀਰੇਂਦਰ ਹੁੱਡਾ   ਨੇ ਕਿਹਾ ਕਿ ਅਸਲੀ ਲੋਕਤੰਤਰ ਉਹੀ ਹੁੰਦਾ ਜਿੱਥੇ ਅੰਦਰ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ  ਪਰ ਕੁਰੂਕਸ਼ੇਤਰ ਵਿੱਚ ਰੈਲੀ ਰਹੇ ਕਿਸਾਨਾਂ ਨੂੰ ਰੋਕਣ ਰਾਹੀਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟਣ ਦੀ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਸਰਦੀ ਤੇ ਮੀਂਹ ਦੇ ਬਾਵਜੂਦ ਬੈਠੇ ਹੋਏ ਹਨ ਪਰ ਸਰਕਾਰ ਇਨ੍ਹਾਂ ਦੀਆਂ ਮੰਗਾਂ  ਨੂੰ ਅਣਗੌਲਿਆਂ ਕਰ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਬਰਤਾਨਵੀ ਹਾਕਮਾਂ ਤੋਂ ਵਿਰਸੇ ਚ ਮਿਲੇ ਪਾੜੋ ਤੇ ਰਾਜ ਦੀ ਨੀਤੀ ਤੇ ਚੱਲਦੇ ਹੋਏ ਦੇਸ਼ ਦੇ ਹਾਕਮ   ਕਾਰਪਰੇਟਾਂ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਧਰਮਾਂ ਦੇ ਨਾਂਅ ‘ਤੇ ਪਾੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜ਼ੋ ਸਫ਼ਲ ਨਹੀਂ ਹੋਣਗੀਆਂ।

Jeeo Punjab Bureau

Leave A Reply

Your email address will not be published.