ਚਾਚਾ ਅਜੀਤ ਸਿੰਘ ਜ਼ਨਮ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 23 ਫਰਵਰੀ 

ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਪੱਧਰੀ ਸੱਦੇ ਤੇ   ਬਰਤਾਨਵੀ ਹਕੂਮਤ ਖ਼ਿਲਾਫ਼ ਕਿਸਾਨ ਸੰਘਰਸ਼ ਦੇ ਜੁਝਾਰੂ ਯੋਧੇ ਚਾਚਾ ਅਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਟਿੱਕਰੀ ਬਾਰਡਰ ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਅੱਜ ਕੇਂਦਰੀ ਹਕੂਮਤ ਦੀ ਤੁਲਨਾ ਬਰਤਾਨਵੀ ਹਕੂਮਤ ਨਾਲ ਕਰਦਿਆਂ ਐਲਾਨ ਕੀਤਾ ਕਿ ਜਿਵੇਂ ਉਸ ਸਮੇਂ ਬਰਤਾਨਵੀ ਹਕੂਮਤ ਨੂੰ ਕਾਨੂੰਨ ਵਾਪਸ ਲੈਣੇ ਪਏ ਸਨ ਮੋਦੀ ਸਰਕਾਰ ਨੂੰ ਵੀ ਮੌਜੂਦਾ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਉਹਨਾਂ ਕਿਹਾ ਕਿ ਉਸ ਸਮੇਂ ਭਾਰਤ ‘ਤੇ ਕਾਬਜ਼ ਵਿਦੇਸ਼ੀ   ਅੰਗਰੇਜ਼ ਹਕੂਮਤ ਨੇ ਵੀ 1906  ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹਣ ,ਮਾਲੀਏ ਵਿੱਚ ਵਾਧਾ ਕਰਨ ਅਤੇ ਨਹਿਰੀ  ਆਬਿਆਨਾਂ ਵਿੱਚ ਵਾਧਾ ਕਰਨ ਦੇ ਤਿੰਨ ਬਿੱਲ  ਲਿਆਂਦੇ ਸਨ ਜਿਹਨਾਂ ਖ਼ਿਲਾਫ਼ ਕਿਸਾਨਾਂ ਨੇ  ਚਾਚਾ ਅਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਤੇ ਨੌੰ ਮਹੀਨੇ ਲੰਮਾਂ ਸੰਘਰਸ਼ ਲੜਕੇ ਵਿਦੇਸ਼ੀ ਹਕੂਮਤ ਨੂੰ ਇਹ ਕਾਲੇ  ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਉਹਨਾਂ ਐਲਾਨ ਕੀਤਾ ਕਿ ਮੌਜੂਦਾ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕਰਨ ਲਈ 27 ਫਰਵਰੀ ਨੂੰ ਭਗਤ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਅਤੇ ਅਜ਼ਾਦੀ ਲਹਿਰ ਦੇ ਨਾਇਕ ਚੰਦਰ ਸ਼ੇਖ਼ਰ ਅਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਵਿਸ਼ਾਲ ਪ੍ਰੋਗਰਾਮ ਕਰਕੇ ਸੰਘਰਸ਼ ਨੂੰ ਹੋਰ ਤਕੜਾਈ ਦਿੱਤੀ ਜਾਵੇਗੀ।

ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੰਗਰੇਜ਼ਾਂ ਨੇ  ਕਿਸਾਨਾਂ ਨੂੰ ਖੁਸ਼ਹਾਲ ਕਰਨ ਦਾ ਨਾਅਰਾ ਦੇ ਕੇ ਦੇਸ਼ ਵਿਚ ਰੇਲਵੇ ਲਾਈਨਾਂ ਵਿਛਾਈਆਂ, ਨਹਿਰਾਂ ਕੱਢੀਆਂ ਜਿਸ ਨਾਲ ਖੇਤੀ ਉਪਜ ਵਿੱਚ ਅਥਾਹ ਵਾਧਾ ਹੋਇਆ ਪਰ ਅੰਗਰੇਜ਼ਾਂ ਨੇ ਇਹ ਸਭ ਕੁਝ ਆਪਣੇ ਮੁਨਾਫ਼ਿਆਂ ਲਈ ਕੀਤਾ ਸੀ  ਜਿਸ ਦੇ ਸਿੱਟੇ ਵਜੋਂ ਕਿਸਾਨਾਂ ਦੀ ਮਿਹਨਤ ਅਤੇ ਸਾਰੀ ਫ਼ਸਲ ਉਹ ਕੰਪਨੀਆਂ ਲੁੱਟ ਕੇ ਚਲੀਆਂ ਗਈਆਂ  ।ਉਨ੍ਹਾਂ ਕਿਹਾ ਕਿ ਹੁਣ ਵੀ ਭਾਰਤੀ ਹਕੂਮਤ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਸੁਪਰ ਮੁਨਾਫਿਆਂ ਦੇ ਲਈ  ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਬਿਨਾਂ ਰੋਕ ਟੋਕ ਵਾਲੀਆਂ ਵੱਡੀਆਂ  ਸੜਕਾਂ ਦਾ ਜਾਲ ਦਾ ਜਾਲ ਵਿਛਾ ਰਹੀ ਹੈ ਅਤੇ ਕੰਪਨੀਆਂ ਨੂੰ ਲੁੱਟ ਕਰਾਉਣ ਦੇ ਲਈ ਨਵੇਂ ਕਾਨੂੰਨ ਧੱਕੇ ਨਾਲ ਲਾਗੂ ਕਰ ਰਹੀ ਹੈ ।

ਔਰਤ ਜੱਥੇਬੰਦੀ ਦੇ ਆਗੂ ਪਰਮਜੀਤ ਕੌਰ ਪਿੱਥੋ ਨੇ  ਅੰਗਰੇਜ਼ ਹਕੂਮਤ ਖ਼ਿਲਾਫ਼ ਗ਼ਦਰੀ  ਗੁਲਾਬ ਕੌਰ ਦੇ ਮਹਾਨ ਯੋਗਦਾਨ ਤੋਂ ਪ੍ਰੇਰਨਾ ਲੈਂਦੇ ਹੋਏ ਔਰਤਾਂ ਨੂੰ ਵੱਧ ਤੋਂ ਵੱਧ ਸੰਘਰਸ਼ ਦੇ ਮੈਦਾਨ ਚ ਆਉਣ ਦੀ ਅਪੀਲ ਕਰਦਿਆਂ 8ਮਾਰਚ ਨੂੰ ਕੌਮਾਂਤਰੀ ਔਰਤ ਦਿਹਾੜੇ ਦਿੱਲੀ ਮੋਰਚੇ ਚ ਹਜ਼ਾਰਾਂ ਦੀ ਤਦਾਦ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ । ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਨਾਟਕ  “ਉੱਠਣ ਦਾ ਵੇਲਾ”  ਪੇਸ਼ ਕੀਤਾ ।

Jeeo Punjab Bureau

Leave A Reply

Your email address will not be published.