ਕਿਸਾਨ ਅੰਦੋਲਨ ਦੀ ਦਿੱਖ, ਦਿਸ਼ਾ ਅਤੇ ਅਗਵਾਈ

ਇਤਿਹਾਸ ਵਿੱਚ ਕਦੇ-ਕਦੇ ਅਜਿਹੇ ਮੌਕੇ ਆਉਂਦੇ ਹਨ, ਜਦੋਂ ਵਾਪਰ ਰਿਹਾ ਵਿਸ਼ਾਲ ਘਟਨਾਕ੍ਰਮ ਸਾਧਾਰਨ ਕਿਸਮ ਦੇ ਵਿਅਕਤੀਆਂ ਨੂੰ ਵੀ ਵੱਡੇ ਨਾਇਕ ਬਣਨ ਦਾ ਮੌਕਾ ਦਿੰਦਾ ਹੈ। ਸਾਡੇ ਦੇਸ਼ ਦੀ ਧਰਤੀ ’ਤੇ ਵਾਪਰ ਰਹੀ ਅਜਿਹੀ ਹੀ ਵਿਸ਼ਾਲ ਘਟਨਾ ਕਿਸਾਨ ਅੰਦੋਲਨ ਹੈ। ਇਸ ਦੀ ਵਿਸ਼ਾਲਤਾ ਅਤੇ ਮਹੱਤਵ ਇਸ ਕਰਕੇ ਹੀ ਨਹੀਂ ਕਿ ਇਹ ਕਿਸਾਨੀ ਦੇ ਭਵਿੱਖ ਸਬੰਧੀ ਫੈਸਲਾਕੁਨ ਦਿਸ਼ਾ ਤੈਅ ਕਰੇਗਾ, ਸਗੋਂ ਇਸ ਦੀ ਵਿਸ਼ਾਲਤਾ ਅਤੇ ਮਹੱਤਤਾ ਇਸ ਗੱਲ ਵਿੱਚ ਵਧੇਰੇ ਹੈ ਕਿ ਇਸ ਨੇ ਇਸ ਦੇਸ਼ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਿਸ਼ਾ ਵੀ ਤੈਅ ਕਰਨੀ ਹੈ। ਇਸ ਇਤਿਹਾਸਕ ਅੰਦੋਲਨ ਵਿੱਚ ਪੰਜਾਬ ਨਾਲ ਸਬੰਧਤ ਸਾਧਾਰਨ ਕਿਸਮ ਦੇ ਆਗੂਆਂ ਨੂੰ ਵੀ ਨਾਇਕ ਵਜੋਂ ਉੱਭਰਨ ਅਤੇ ਅਗਵਾਈ ਦੇਣ ਦਾ ਮੌਕਾ ਮਿਲਿਆ ਹੈ।

ਅੱਜ ਇੱਕ ਮਹੱਤਵਪੂਰਨ ਸਵਾਲ ਹੈ ਕਿ ਕੀ ਇਹ ਆਗੂ ਇਸ ਇਤਿਹਾਸਕ ਮੌਕੇ ਦੀ ਮਹੱਤਤਾ ਅਤੇ ਲੋੜਾਂ ਨੂੰ ਸਮਝਣ ਅਤੇ ਸਮੇਂ ਦੀ ਲੋੜ ਅਨੁਸਾਰ ਅਗਵਾਈ ਦੇਣ ਵਿੱਚ ਕਾਮਯਾਬ ਰਹੇ ਹਨ? ਇਹਨਾਂ ਆਗੂਆਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ ਕਿ ਇਹਨਾਂ ਦੀ ਰਾਜਨੀਤਕ ਸੂਝ-ਬੂਝ ਅਤੇ ਸਮੇਂ ਦੀ ਨਬਜ਼ ਪਛਾਨਣ ਵਿੱਚ ਗੰਭੀਰ ਕਮੀਆਂ ਰਹੀਆਂ ਹਨ। ਕਿਸੇ ਵੀ ਲੜਾਈ ਵਿੱਚ ਇਸ ਦੇ ਆਗੂਆਂ ਲਈ ਸਭ ਤੋਂ ਮਹੱਤਵਪੂਰਨ ਗੱਲ ਹੁੰਦੀ ਹੈ, ਆਪਣੀ ਤਾਕਤ ਅਤੇ ਕਮਜ਼ੋਰੀਆਂ ਦੇ ਨਾਲ-ਨਾਲ ਆਪਣੇ ਵਿਰੋਧੀ ਦੀ ਤਾਕਤ ਅਤੇ ਕਮਜ਼ੋਰੀਆਂ ਦਾ ਸਹੀ ਅਨੁਮਾਨ ਲਾਉਣਾ। ਕਿਸਾਨ ਅੰਦੋਲਨ ਵਿੱਚ ਮੌਜੂਦਾ ਲੀਡਰਸ਼ਿਪ ਇਸ ਪੱਖ ਨੂੰ ਸਮਝਣ ਵਿੱਚ ਅਸਫਲ ਰਹੀ ਹੈ।

ਅੱਜ ਦੇ ਦੌਰ ਵਿੱਚ ਕੋਈ ਵੀ ਅੰਦੋਲਨ ਸਮੇਂ ਦੀ ਸਰਕਾਰ ਨੂੰ ਸਿਰਫ਼ ਦੋ ਤਰ੍ਹਾਂ ਦੀ ਹਾਲਤ ਵਿੱਚ ਹੀ ਲੁਕਣ ਲਈ ਮਜਬੂਰ ਕਰ ਸਕਦਾ ਹੈ। ਪਹਿਲੀ ਹਾਲਤ ਹੈ ਕਿ ਇਹ ਅੰਦੋਲਨ ਸਰਕਾਰ ਦਾ ਅਕਸ ਖਰਾਬ ਕਰ ਰਿਹਾ ਹੋਵੇ ਅਤੇ ਸਿੱਟੇ ਵਜੋਂ ਹੁਕਮਰਾਨ ਧਿਰ ਨੂੰ ਵੋਟਾਂ ਖੁੱਸਣ ਦਾ ਖ਼ਤਰਾ ਦਿੱਖਦਾ ਹੋਵੇ। ਦੂਸਰੀ ਗੱਲ ਹੈ ਕਿ ਅੰਦੋਲਨ ਸਰਕਾਰ ਦਾ ਕੰਮ ਕਾਰ ਹੀ ਠੱਪ ਕਰ ਦੇਵੇ ਅਤੇ ਸਮਝੌਤਾ ਕਰਨਾ ਸਰਕਾਰ ਦੀ ਮਜਬੂਰੀ ਬਣ ਜਾਵੇ।

ਦੇਸ਼ ਦੇ ਮੌਜੂਦਾ ਸਮੁੱਚੇ ਰਾਜਨੀਤਿਕ ਸੰਧਰਭ ਨੂੰ ਸਮਝਣ ਦੀ ਲੋੜ ਹੈ। ਨਰਿੰਦਰ ਮੋਦੀ ਦੀ ਮੌਜੂਦਾ ਦੌਰ ਵਿੱਚ ਇੱਕ ਲੋਕਤੰਤਰੀ ਤਰੀਕੇ ਨਾਲ ਦੇਸ਼ ਵਾਸੀਆਂ ਵੱਲੋਂ ਚੁਣੀ ਹੋਈ ਇੱਕ ਮਜ਼ਬੂਤ ਸਰਕਾਰ ਹੈ। ਇਸ ਸਰਕਾਰ ਦੀ ਤਾਕਤ ਇਸਦਾ ਦੇਸ਼ ਦੇ ਹਿੰਦੂ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਰੱਖ ਕੇ ਆਪਣੇ ਨਾਲ ਖੜ੍ਹੇ ਰੱਖਣਾ ਹੈ। ਜਿਸ ਵਿੱਚ ਇਹ ਸਰਕਾਰ ਹੁਣ ਤੱਕ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਕੋਈ ਵੀ ਅੰਦੋਲਨ ਜਿਹੜਾ ਹਿੰਦੂ ਭਾਵਨਾਵਾਂ ਨੂੰ ਹੋਰ ਵਧੇਰੇ ਉਤੇਜਿਤ ਕਰੇਗਾ ਉਹ ਸਰਕਾਰ ਲਈ ਸਮੱਸਿਆ ਬਣਨ ਦੀ ਬਜਾਏ ਇੱਕ ਵਰਦਾਨ ਹੀ ਸਾਬਤ ਹੋਵੇਗਾ, ਲਿਹਾਜਾ ਸਰਕਾਰ ਦਾ ਹਿੱਤ ਮਸਲੇ ਨੂੰ ਸੁਲਝਾਉਣ ਦੀ ਬਜਾਏ ਇਸ ਨੂੰ ਜਿਉਂਦਾ ਰੱਖਣ ਅਤੇ ਇਸ ਨੂੰ ਰਾਜਨੀਤਿਕ ਮਨੋਰਥ ਲਈ ਵਰਤਣ ਵਿੱਚ ਹੀ ਹੋਵੇਗਾ। 

ਮੌਜੂਦਾ ਅੰਦੋਲਨ ਦੇ ਆਗੂ ਇਸ ਗੱਲ ਦਾ ਸਹੀ ਮੁਲਾਂਕਣ ਕਰਕੇ ਆਪਣੀ ਦਿੱਖ ਲੋੜ ਅਨੁਸਾਰ ਨਹੀਂ ਢਾਲ਼ ਸਕੇ। ਅੰਦੋਲਨ ਕਿਵੇਂ ਸ਼ੁਰੂ ਹੋਇਆ ਅਤੇ ਇਸਨੇ ਕਿਵੇਂ ਮਜ਼ਬੂਤੀ ਫੜ੍ਹੀ, ਇਸ ਗੱਲ ਵਿੱਚ ਸਮਾਂ ਗਵਾਉਣ ਦੀ ਬਜਾਏ ਆਪਾਂ ਸਿੱਧੇ ਅੰਦੋਲਨ ਦੇ ਮੰਚ ਦੇ ਦਿੱਲੀ ਆ ਜਾਣ ਤੋਂ ਗੱਲ ਕਰਦੇ ਹਾਂ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅੰਦੋਲਨ ਵਿੱਚ ਤਾਕਤ ਅਤੇ ਇੱਕ ਵਿਲੱਖਣ ਹੌਂਸਲਾ ਹਰਿਆਣਾ ਦੇ ਜਾਟ ਹਿੰਦੂ ਲੋਕਾਂ ਦੀ ਸਮੂਲੀਅਤ ਨਾਲ ਆਇਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਜੇ ਅੰਦੋਲਨ ਇੱਕ ਕੌਮੀ ਅੰਦੋਲਨ ਬਣਦਾ ਹੈ ਤਾਂ ਇਹ ਸਰਕਾਰ ਲਈ ਸਿਰਦਰਦੀ ਹੈ, ਜੇ ਅੰਦੋਲਨ ਦੀ ਦਿੱਖ ਪੰਥਕ ਰਹਿੰਦੀ ਹੈ ਤਾਂ ਇਹ ਸਰਕਾਰ ਲਈ ਵਰਦਾਨ ਹੈ। ਅੰਦੋਲਨ ਦੌਰਾਨ ਸਿੱਖਾਂ ਕਿਸਾਨਾਂ ਦਾ ਉੱਚ ਮਿਆਰੀ ਕਿਰਦਾਰ ਦੇਸ਼ ਭਰ ਵਿੱਚੋਂ ਹਿੰਦੂ ਕਿਸਾਨਾਂ ਦਾ ਸਾਥ ਅਤੇ ਹੁੰਗਾਰਾ ਲੈਣ ਵਿੱਚ ਕਾਮਯਾਬ ਰਿਹਾ। ਪ੍ਰੰਤੂ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ, ਪੰਜਾਬ ਦੇ ਆਗੂਆਂ ਨੇ ਇਸਦੀ ਦਿੱਖ ਪੰਥਕ ਹੀ ਰੱਖੀ। ਅੰਦੋਲਨ ਦੀਆਂ ਮੁੱਖ ਸਟੇਜਾਂ ਦੀ ਰੂਪ ਰੇਖਾਂ ਇੱਕ ਸਿੱਖ ਧਾਰਮਿਕ ਸਮਾਗਮ ਵਰਗੀ ਹੀ ਰੱਖੀ ਗਈ। ਇਸ ਦੀ ਦਿੱਖ ਨੂੰ ਕੌਮੀ ਦਿੱਖ ਦੇਣ ਦਾ ਕੋਈ ਵੀ ਉੁਪਰਾਲਾ ਨਜ਼ਰ ਨਹੀਂ ਪਿਆ। ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਗਈ ਕਿ ਅੰਦੋਲਨ ਵਿੱਚ ਸ਼ਾਮਲ ਹਿੰਦੂ ਕਿਸਾਨ ਹੀ, ਮੌਜੂਦਾ ਸਮੇਂ ਵਿੱਚ ਇਸਦੀ ਅਸਲ ਤਾਕਤ ਹਨ। ਵੱਡੇ ਆਗੂ ਅਤੇ ਬੁਲਾਰੇ ਆਪਣੇ ਸਾਰੇ ਭਾਸ਼ਨਾਂ ਵਿੱਚ ਹਰਿਆਣਾ ਦੇ ਲੋਕਾਂ ਦਾ ਸਰਸਰੀ ਧੰਨਵਾਦ ਕਰਨ ਤੋਂ ਬਿਨਾਂ ਬਾਕੀ ਸਾਰਾ ਭਾਸ਼ਨ ਪੰਥਕ ਮੁੱਲਮੇ ਅਤੇ ਸਿੱਖੀ ਅਲੰਕਾਰਾਂ ਨਾਲ ਹੀ ਓਤ ਪੋਤ ਰੱਖਦੇ ਰਹੇ। ਇਸਦਾ ਸਿੱਟਾ ਇਹ ਰਿਹਾ ਕਿ ਸਾਧਾਰਨ ਨੌਜਵਾਨ ਵਰਗ ਨੂੰ ਇਹੀ ਭੁਲੇਖਾ ਰਿਹਾ ਜਿਵੇਂ ਉਹ ਕੋਈ ਧਾਰਮਿਕ ਯੁੱਧ ਲੜਨ ਆਏ ਹਨ। 

ਬਲਬੀਰ ਸਿੰਘ ਰਾਜੇਵਾਲ ਦੀਆਂ ਸਮੇਂ-ਸਮੇਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ, ਜੋ ਮਹੌਲ ਸਿਰਜਿਆ ਗਿਆ ਸੀ ਉਹ ਹੀ ਭਾਰੂ ਰਿਹਾ ਅਤੇ ਸਿੱਟੇ ਵਜੋਂ 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਘਟਨਾ ਵਾਪਰ ਗਈ। ਸਰਕਾਰ ਨੂੰ ਜੋ ਚਾਹੀਦਾ ਸੀ ਉਹ ਹੋ ਗਿਆ। ਇੱਥੇ ਇਹ ਕਹਿਣਾ ਕਿ ਉਕਤ ਘਟਨਾਕ੍ਰਮ ਤੋਂ ਬਚਿਆ ਜਾ ਸਕਦਾ ਸੀ, ਜ਼ਿਆਦਾ ਮਾਅਨੇ ਨਹੀਂ ਰੱਖਦਾ, ਪਰ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਸੀ ਉਸਦੇ ਅਜਿਹੇ ਸਿੱਟੇ ਨਿਕਲਣੇ ਸੁਭਾਵਿਕ ਹੀ ਸਨ। ਅੰਦੋਲਨ ਵਿੱਚ ਬਾਕੀ ਸੂਬਿਆਂ ਦੇ ਹਿੰਦੂ ਕਿਸਾਨਾਂ ਦੀ ਭਰਪੂਰ ਸ਼ਮੂਲੀਅਤ ਦੇ ਬਾਵਜੂਦ ਇਸ ਦੀ ਦਿੱਖ ਨੂੰ ਕੌਮੀ ਦਿੱਖ ਦੇਣ ਦੀ ਮਹੱਤਤਾ ਨੂੰ ਸਮਝਣ ਵਿੱਚ ਆਗੂ ਨਾਕਾਮ ਰਹੇ, ਜੋ ਕਿ ਮਾਹੌਲ ਨੂੰ ਸਮੁੱਚੇ ਰੂਪ ਵਿੱਚ ਸਮਝ ਸਕਣ ਦੀ ਅਸਮਰੱਥਾ ਦਾ ਸਪੱਸ਼ਟ ਪ੍ਰਗਟਾਵਾ ਹੈ। ਸਰਕਾਰ ਗੋਦੀ ਮੀਡੀਆ ਰਾਹੀਂ ਉਕਤ ਘਟਨਾ ਨੂੰ ਵਰਤਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ। ਹੋਰ ਤਾਂ ਹੋਰ ਕਿਸਾਨ ਆਗੂਆਂ ਵੱਲੋਂ 27 ਜਨਵਰੀ ਨੂੰ ਮੰਚ ਤੋਂ ਦਿੱਤੇ ਭਾਸ਼ਨਾਂ ਵਿੱਚ ਵੀ ਕਸ਼ਮੀਰ ’ਚੋਂ ਧਾਰਾ 370 ਨੂੰ ਹਟਾਉਣ ਅਤੇ ਸ਼ਾਹੀਨ ਬਾਗ ਵਗੈਰਾ ਦਾ ਜ਼ਿਕਰ ਕਰਨਾ, ਉਨ੍ਹਾਂ ਦੀ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ ਅਸਮਰੱਥਾ ਦਰਸਾਉਂਦਾ ਹੈ। ਉਕਤ ਦੋਵੇਂ ਘਟਨਾਵਾਂ ਦੌਰਾਨ ਹਿੰਦੂ ਸਮਾਜ ਦੀਆਂ ਭਾਵਨਾਵਾਂ ਮੋਟੇ ਤੌਰ ’ਤੇ ਸਰਕਾਰ ਦੇ ਸਮਰਥਨ ਵਿੱਚ ਹੋਣ ਕਰਕੇ ਹੀ ਸਰਕਾਰ ਇਨ੍ਹਾਂ ਦਾ ਦਮਨ ਕਰਨ ਵਿੱਚ ਕਾਮਯਾਬ ਰਹੀ ਸੀ। ਅਜਿਹੀਆਂ ਘਟਨਾਵਾਂ ਦਾ ਮੰਚ ਤੋਂ ਜ਼ਿਕਰ ਕਰਨਾ ਇੱਕ ਗਲਤ ਤਾਰ ਨੂੰ ਛੇੜਨ ਵਾਲੀ ਗੱਲ ਹੈ।

26 ਜਨਵਰੀ ਦੀ ਘਟਨਾ ਨੇ ਜਿੱਥੇ ਦੁਨੀਆਂ ਭਰ ’ਚ ਬੈਠੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਗਹਿਰੀ ਨਿਰਾਸ਼ਤਾ ਪੈਦਾ ਕੀਤੀ, ਉੱਥੇ ਲੱਖਾਂ ਹਿੰਦੂ ਕਿਸਾਨ ਜੋ ਅੰਦੋਲਨ ਦੀ ਤਾਕਤ ਹਨ ਦੇ ਮਨਾਂ ਵਿੱਚ ਵੀ ਗੰਭੀਰ ਸੰਕੇ ਪੈਦਾ ਕੀਤੇ ਹਨ। ਪੂਰੀ ਤਰ੍ਹਾਂ ਮੰਝਧਾਰ ਵਿੱਚ ਫਸੀ ਹੋਈ ਅੰਦੋਲਨ ਦੀ ਕਿਸ਼ਤੀ ਨੂੰ ਰਕੇਸ਼ ਟਿਕੈਤ ਦੀ ਸਾਦਗੀ ਅਤੇ ਦਿਲੋਂ ਕੀਤੀ ਅਪੀਲ ਦੇ ਹੁੰਗਾਰੇ ਵਜੋ ਹਿੰਦੂ ਕਿਸਾਨਾਂ ਵੱਲੋਂ ਦਿੱਤੇ ਸਾਥ ਨੇ ਮੋਢਾ ਦਿੱਤਾ ਹੈ। 

ਹੁਣ ਸਮਾਂ ਹੈ ਕਿ ਪੰਜਾਬ ਦੇ ਆਗੂ ਸਵੈ ਪੜਚੋਲ ਕਰਕੇ ਅਤੇ ਪਿਛਲੇ ਸਮੇਂ ਦੌਰਾਨ ਰਹੀਆਂ ਕਮੀਆਂ ਨੂੰ ਦੂਰ ਕਰਕੇ ਅੰਦੋਲਨ ਨੂੰ ਦੁਬਾਰਾ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰਨ। ਇਹ ਅੰਦੋਲਨ ਇਕੱਲੇ ਕਿਸਾਨੀ ਦੀਆਂ ਸਮੱਸਿਆਵਾਂ ਕਰਕੇ ਹੀ ਪੈਦਾ ਨਹੀਂ ਹੋਇਆ, ਸਗੋਂ ਇਸ ਦਾ ਕਾਰਨ ਸਮਾਜ ਵਿੱਚ ਫੈਲੀ ਹਰ ਤਰ੍ਹਾਂ ਦੀ ਨਾਉਮੀਦੀ, ਨਿਰਾਸ਼ਤਾ, ਨਿੱਘਰਦੇ ਸਮਾਜਿਕ ਮਿਆਰ ਅਤੇ ਰਾਜਨੀਤਕ ਆਗੂਆਂ ਦੀ ਨਾਕਾਮੀ ਅਤੇ ਭ੍ਰਿਸ਼ਟਚਾਰ ’ਚ ਨੱਕੋ ਨੱਕ ਡੁੱਬੇ ਹੋਣਾ ਹੈ। ਸਾਰੀ ਦੁਨੀਆਂ ਵਿੱਚ ਬੈਠੇ ਦੇਸ਼ ਹਿਤੈਸ਼ੀ ਲੋਕਾਂ ਦੀਆਂ ਅੱਖਾਂ ਇਸ ਅੰਦੋਲਨ ’ਤੇ ਲੱਗੀਆਂ ਹੋਈਆਂ  ਹਨ। ਅਜਿਹੇ ਵਿਸ਼ਾਲ ਅੰਦੋਲਨ ਵਿੱਚ ਆਗੂਆਂ ਨੂੰ ਨਿੱਜ ਤੋਂ ਉੱਪਰ ਉੱਠਣਾ ਚਾਹੀਦਾ ਹੈ। ਇਸ ਅੰਦੋਲਨ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦਾ ਕੋਈ ਮਹੱਤਵ ਨਹੀਂ ਹੋਣਾ ਚਾਹੀਦਾ। ਕੁੱਝ ਬਾਹਰ ਬੈਠੇ ਲੋਕਾਂ ਵੱਲੋਂ ਧੱਕੇ ਨਾਲ ਹੀ ਬੇਲੋੜੀਆਂ ਸਲਾਹਾਂ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਇਹ ਲੋਕ ਆਪਣੀਆਂ ਦੁਕਾਨਾਂ ਅੰਦੋਲਨ ਦੇ ਸਿਰ ’ਤੇ ਚਲਾ ਰਹੇ ਹਨ ਜਦਕਿ ਅੰਦੋਲਨ ਕਿਸੇ ਦੀ ਮੱਦਦ ਦਾ ਮੋਹਤਾਜ਼ ਨਹੀਂ ਹੈ। ਧੱਕੇ ਨਾਲ ਚੌਧਰੀ ਬਣਨ ਵਾਲੇ ਲੋਕਾਂ ਨਾਲ ਦ੍ਰਿੜਤਾ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਅੰਦੋਲਨ ਦੀ ਦਿਸ਼ਾ ਪੂਰੀ ਤਰ੍ਹਾਂ ਆਗੂਆਂ ਦੇ ਹੱਥਾਂ ਵਿੱਚ ਰਹੇ।

 ਦੇਸ਼ ਦੇ ਲੋਕਾਂ ਦੀ ਵੱਧ ਤੋਂ ਵੱਧ ਹਮਦਰਦੀ ਅਤੇ ਸਹਿਯੋਗ ਹੀ ਇਸ ਅੰਦੋਲਨ ਦੀ  ਸਫਲਤਾ ਦਾ ਰਸਤਾ ਬਣਾਵੇਗਾ। ਮੌਜੂਦਾ ਸਰਕਾਰ ਆਰਥਿਕ ਪੱਖੋਂ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸਰਕਾਰ ਕੋਲ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਪੂਰਾ ਉਤਰਨ ਦੀ ਕੋਈ ਸਮਰੱਥਾ ਨਹੀਂ ਹੈ। ਅਜਿਹੇ ਹਾਲਾਤ ਵਿੱਚ ਦੇਸ਼ ਦੀ ਮਹਿਜ 2% ਸਿੱਖ ਆਬਾਦੀ ਨੂੰ ਦੇਸ਼ ਦੀ ਦੁਸ਼ਮਣ ਦਿਖਾ ਕੇ ਅਤੇ ਬਹੁ ਗਿਣਤੀ ਹਿੰਦੂ ਆਬਾਦੀ ਦੇ ਮਨਾਂ ਵਿੱਚ ਡਰ ਪੈਦਾ ਕਰਕੇ, ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਅਤੇ ਰਾਜਨੀਤਕ ਲਾਹਾ ਲੈਣ ਨਾਲੋਂ ਸੌਖਾ ਹੱਥਕੰਡਾ ਸਰਕਾਰ ਲਈ ਹੋਰ ਕੋਈ ਨਹੀਂ ਹੋ ਸਕਦਾ। ਇਸ ਨੂੰ ਵਰਤਣ ਦਾ ਹਰ ਸੰਭਵ ਯਤਨ ਕੀਤਾ ਜਾ ਸਕਦਾ ਹੈ।

ਉਂਜ ਹੀ ਛੋਟੇ ਜਿਹੇ ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦਾ ਹੋਣਾ ਹੀ ਚੌਧਰ ਦੀ ਭੁੱਖ ਨੂੰ ਸਾਫ਼ ਦਰਸਾਉਂਦਾ ਹੈ, ਪ੍ਰੰਤੂ ਹੁਣ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਨ੍ਹਾਂ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਅੰਦੋਲਨ ਦਾ ਚਿਹਰਾ ਸ੍ਰੀ ਟਿਕੈਤ ਨੂੰ ਬਣਾਇਆ ਜਾਵੇ ਅਤੇ ਅੰਦੋਲਨ ਨੂੰ ਇੱਕ ਕੌਮੀ ਦਿੱਖ ਦਿੱਤੀ ਜਾਵੇ। ਜ਼ਿਆਦਾ ਪੰਥਕ ਟਾਹਰਾਂ ਮਾਰਨ ਵਾਲੇ ਵਿਅਕਤੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਹਿਲਾਂ ਚੌਰਾਸੀ ਦੀਆਂ ਘਟਨਾਵਾਂ ਸਿੱਖਾਂ ਦੇ ਵੱਡੇ ਘਾਣ ਦੇ ਬਾਵਜ਼ੂਦ ਸਰਕਾਰ ਦੇ ਹਿੱਤ ਵਿੱਚ ਹੀ ਭੁਗਤੀਆਂ ਸਨ। ਹੋਰ ਤਾਂ ਹੋਰ ਹਰਿਮੰਦਰ ਸਾਹਿਬ ਢਾਹੁਣ ਅਤੇ ਦਿੱਲੀ ਦੰਗਿਆਂ ਦੀ ਦੋਸ਼ੀ ਪਾਰਟੀ ਪੰਜਾਬ ਅੰਦਰ ਵੀ ਬਾਰ-ਬਾਰ ਸਰਕਾਰ ਬਣਾ ਕੇ ਮੌਜਾਂ ਮਾਣ ਰਹੀ ਹੈ। ਇਸ ਲਈ ਫੋਕੇ ਨਾਅਰਿਆਂ ਨੇ ਕੁੱਝ ਨਹੀਂ ਸੰਵਾਰਨਾ, ਜੇ ਕੰਮ ਆਉਣਾ ਹੈ ਤਾਂ ਹੋਸ਼ ਅਤੇ ਠਰੰਮਾ ਹੀ ਆਉਣਾ ਹੈ। ਆਗੂਆਂ ’ਤੇ ਪੂਰਨ ਭਰੋਸਾ ਰੱਖਣਾ ਜ਼ਰੂਰੀ ਹੈ ਤਾਂ ਕਿ ਅੰਦੋਲਨ ਸਮੂਹ ਕਿਸਾਨਾਂ ਅਤੇ ਸਿੱਖਾਂ ਦੀ ਇੱਜ਼ਤ ਬਹਾਲ ਰੱਖ ਕੇ ਖ਼ਤਮ ਹੋਣਾ ਚਾਹੀਦਾ ਹੈ।

-ਜਗਦੇਵ ਸਿੰਘ ਭੰਦੋਹਲ

+919815034325

ਐਡਵੋਕੇਟ 

ਪੰਜਾਬ ਤੇ ਹਰਿਆਣਾ ਹਾਈ ਕੋਰਟ

1 Comment
  1. ਜੁਲਿਫਕਾਰ ਅਲੀ ਵਕੀਲ says

    ਭੰਦੋਲ ਸਾਹਿਬ ਬਹੁਤ ਵਧੀਆ ਲਿਖਿਆ ਹੈ । ਮੁਬਾਰਕ ਹੋਵੇ । ਚੱਲੋ ਇਹ ਤਾਂ ਹੁਣ ਬਾਜੀ ਟਿਕੈਤ ਦੇ ਪੱਲੇ ਪੈ ਗਈ ਆਪੇ ਹੀ ।

Leave A Reply

Your email address will not be published.