ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਕੇਜਰੀਵਾਲ ਨੇ ਕਿਸਾਨਾਂ ਦਾ ‘ਅਸਲੀ ਸੇਵਾਦਾਰ’ ਹੋਣ ਦਾ ਸਬੂਤ ਦਿੱਤਾ : ਭਗਵੰਤ ਮਾਨ

  • …ਵਿਜੈ ਇੰਦਰ ਸਿੰਗਲਾ ਤੇ ਸੁੱਖੀ ਰੰਧਾਵਾ ਦੱਸਣ ਉਨ੍ਹਾਂ ਦੇ ਮੁੱਖ ਮੰਤਰੀ ਦੀ ਅਮਿਤ ਸ਼ਾਹ ਨਾਲ ਬੰਦ ਕਮਰਾ ਮੀਟਿੰਗ ‘ਚ ਈਡੀ ਦੇ ਕੇਸਾਂ ਬਾਰੇ ਕੀ ਡੀਲ ਹੋਈ?
  • …ਮੰਤਰੀ ਹੁੰਦਿਆਂ ਖੇਤੀ ਆਰਡੀਨੈਸਾਂ ‘ਤੇ ਦਸਤਖਤ ਕਰਕੇ 3 ਮਹੀਨੇ ਕਾਲੇ ਕਾਨੂੰਨਾਂ ਦਾ ਗੁਣਗਾਣ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਹੁਣ ਘੜਿਆਲੀ ਹੰਝੂ ਨਾ ਵਹਾਵੇ

ਰਾਜੀਵ ਮਠਾੜੂ
ਚੰਡੀਗੜ੍ਹ, 18 ਦਸੰਬਰ

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਵਿਧਾਨ ਸਭਾ ਦਾ ਇੱਕ ਰੋਜ਼ਾ ਇਜਲਾਸ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਨੂੰਨਾਂ (Farmer Laws) ਨੂੰ ਮੁੱਢੋਂ ਰੱਦ ਕਰਨ ਉਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜ੍ਹਕੇ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ।

ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਕਲਪ ਪੱਤਰ ਪਾਸ ਕਰਕੇ ਕੇਂਦਰ ਸਰਕਾਰ ਨੂੰ ਸਹੀ ਸਮੇਂ ‘ਤੇ ਕਰਾਰੀ ਚੋਟ ਮਾਰੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜ੍ਹਕੇ ਮੋਦੀ ਸਰਕਾਰ ਨੂੰ ਸਿੱਧਾ ਤੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਅੰਨਦਾਤਾ ਲਈ ਆਮ ਆਦਮੀ ਪਾਰਟੀ (ਆਪ) ਕਿਸੇ ਵੀ ਹੱਦ ਤੱਕ ਜਾਵੇਗੀ, ਪ੍ਰੰਤੂ ਨਾ ਕਿਸੇ ਦਬਾਅ ਦੀ ਪ੍ਰਵਾਹ ਕਰੇਗੀ ਅਤੇ ਨਾ ਹੀ ਝੁਕੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਸੜਕਾਂ ਤੋਂ ਲੈ ਕੇ ਸੰਸਦ ਤੱਕ ਆਵਾਜ਼ ਬੁਲੰਦ ਕਰਦੀ ਆ ਰਹੀ ਹੈ। ਹਰ ਵਕਤ ਕਿਸਾਨਾਂ ਨਾਲ ਡਟਕੇ ਖੜ੍ਹੀ ਹੈ। ਭਵਿੱਖ ”ਚ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਸੰਘਰਸ਼ ਕਰਦੀ ਰਹੇਗੀ।


ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ (Farmer Laws) ਸਬੰਧੀ ਆਰਡੀਨੈਸ ਦੀ ਜਦੋਂ ਗੱਲ ਸ਼ੁਰੂ ਹੋਈ ਸੀ ਤਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਉੱਤੇ ਜੂਨ 2020 ‘ਚ ਰਾਜਨੀਤਿਕ ਪਾਰਟੀਆਂ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਬਿਗੁਲ ਵਜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੇਸ਼ ਦੇ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਕਿਸਾਨਾਂ ਦੇ ਸਮਰਥਨ ਵਿੱਚ ਮੋਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਲਲਕਾਰਿਆ ਸੀ।


ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਇਕ ਸੇਵਾਦਾਰ ਵਜੋਂ ਕਿਸਾਨਾਂ ਨਾਲ ਖੜ੍ਹੇ ਹੋ ਕੇ ਮੋਦੀ ਸਰਕਾਰ ਨੂੰ ਸਖਤ ਸੰਦੇਸ਼ ਦੇਣ ਵਾਲੇ ਦੇਸ਼ ਦੇ ਇਕੋ ਇਕ ਮੁੱਖ ਮੰਤਰੀ ਵੀ ਅਰਵਿੰਦ ਕੇਜਰੀਵਾਲ ਹੀ ਹਨ। ਵਿਧਾਨ ਸਭਾ ‘ਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਾੜਕੇ ਕੇਂਦਰ ਸਰਕਾਰ ਨੂੰ ਸਿੱਧੀ ਵੰਗਾਰ ਦੇਣ ਵਾਲੇ ਇਕਲੌਤੇ ਮੁੱਖ ਮੰਤਰੀ ਦਾ ਨਾਮ ਵੀ ਅਰਵਿੰਦ ਕੇਜਰੀਵਾਲ ਹੀ ਹੈ।ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਖੇਤੀ ਕਾਨੂੰਨਾਂ ਖਿਲਾਫ ਸਿੱਧਾ ਅਤੇ ਸਪੱਸ਼ਟ ਸਟੈਂਡ ਰੱਖਿਆ ਹੈ ਜਦੋਂ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਅੱਜ ਤੱਕ ਦੋਗਲੀ ਨੀਤੀ ਉੱਤੇ ਚਲਦਾ ਆ ਰਿਹਾ ਹੈ।


ਪੰਜਾਬ ਦੇ ਕਾਂਗਰਸੀ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੇਜਰੀਵਾਲ ਸਰਕਾਰ ਬਾਰੇ ਕੀਤੀ ਟਿੱਪਣੀ ‘ਤੇ ਤਿਖੀ ਪ੍ਰੀਤੀਕਿਰਿਆ ਦਿੰਦੇ ਹੋਏ ਮਾਨ ਨੇ ਸਿੰਗਲਾ ਨੂੰ ਪੁੱਛਿਆ ਕਿ ਕੀ ਉਹ ਦੱਸਣਗੇ ਕਿ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ ‘ਚ ਖੇਤੀ ਕਾਨੂੰਨਾਂ (Farmer Laws) ਬਾਰੇ ਤਿਆਰ ਹੋ ਰਹੇ ਮਸੌਦੇ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਸਹਿਮਤੀ ਕਿਉਂ ਦਿੱਤੀ? ਉਨ੍ਹਾਂ ਸਿੰਗਲਾ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਕਿਸਾਨਾਂ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਦੀ ਵਾਰ-ਵਾਰ ਮੰਗ ਦੇ ਬਾਵਜੂਦ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਖੇਤੀ ਮੰਤਰੀ ਅਤੇ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਖੇਤੀ ਕਾਨੂੰਨਾਂ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਮਿਲੇ?


ਉਨ੍ਹਾਂ ਕਿਹਾ ਕਿ ਕੀ ਵਿਜੈ ਇੰਦਰ ਸਿੰਗਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੱਸਣਗੇ ਕਿ ਕੇਂਦਰੀ ਮੰਤਰੀਆਂ ਦੀ ਕਿਸਾਨਾਂ ਨਾਲ ਮੀਟਿੰਗ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਚਾਨਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਕਿਉਂ ਗਏ ਅਤੇ ਦੋਵਾਂ ਵਿਚਕਾਰ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਕੀ ਡੀਲ ਹੋਈ ਅਤੇ ਈਡੀ ਦੇ ਕੇਸਾਂ ਵਾਲਾ ਮਾਮਲਾ ਠੰਡਾ ਕਿਵੇਂ ਹੋਇਆ?
ਮਾਨ ਨੇ ਬਾਦਲ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਉਤੇ ਹਮਲਾਵਰ ਵਾਰ ਕਰਦਿਆਂ ਕਿਹਾ ਕਿ ਕੀ ਉਹ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਕਿ ਜਦੋਂ ਮੋਦੀ ਮੰਤਰੀ ਮੰਡਲ ‘ਚ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਆਰਡੀਨੈਸ ਲਿਆਂਦੇ ਗਏ ਸਨ ਤਾਂ ਉਦੋਂ ਉਨ੍ਹਾਂ ਬਤੌਰ ਫੂਡ ਪ੍ਰੋਸੇਸਿੰਗ ਮੰਤਰੀ ਉਸ ‘ਤੇ ਦਸਤਖਤ ਕਿਉਂ ਕੀਤੇ?

ਉਨ੍ਹਾਂ ਕਿਹਾ ਕਿ ਕੀ ਬੀਬੀ ਬਾਦਲ ਇਸ ਗੱਲ ਦਾ ਵੀ ਉਤਰ ਦੇਵੇਗੀ ਕਿ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਨ੍ਹਾਂ ਕਾਲੇ ਕਾਨੂੰਨਾਂ ਦਾ ਤਿੰਨ ਮਹੀਨੇ ਜ਼ੋਰਦਾਰ ਗੁਣਗਾਨ ਕਰਦਾ ਹੋਇਆ ਲੋਕਾਂ ਨੂੰ ਗੁੰਮਰਾਹ ਕਿਉਂ ਕਰਦਾ ਰਿਹਾ? ਕੀ ਉਹ ਇਹ ਦੱਸਣਗੇ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੁੱਪ ਕਿਉਂ ਧਾਰੀ ਹੋਈ ਹੈ? ਮਾਨ ਨੇ ਕਿਹਾ ਕਿ ਕੀ ਹਰਸਿਮਰਤ ਕੌਰ ਬਾਦਲ ਨੂੰ ਯਾਦ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਕੇਵਲ ਇਕ ਵਾਰ ਇਨ੍ਹਾਂ ਖੇਤੀ ਕਾਨੂੰਨਾਂ ਬਾਰੇ ਬੋਲਿਆ ਹੈ ਅਤੇ ਉਹ ਵੀ ਪੂਰੀ ਤਰ੍ਹਾਂ ਗੁਣਗਾਨ ਕਰਦਾ ਹੋਇਆ।