ਕਾਲੇ ਖੇਤੀ ਕਾਨੂੰਨ ਨਾਲ ਖੇਤੀ ਉੱਪਰ ਨਿਰਭਰ 60 % ਵਸੋਂ ਅਤੇ ਪਿੰਡਾਂ ਵਿੱਚ ਵਸਦੀ 72 % ਵਸੋਂ ਦਾ ਉਜਾੜਾ ਤਹਿ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 20 ਫਰਵਰੀ

ਪੰਜਾਬ ‘ਚ ਚੱਲ ਰਿਹਾ ਕਿਸਾਨ ਸੰਘਰਸ਼ 143 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜ਼ਬਰੀ ਥੋਪੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਮੁਕੰਮਲ ਰੂਪ’ਚ ਰੱਦ ਕਰਾਉਣ ਲਈ ਚੱਲ ਰਹੀ ਸਾਂਝੀ ਕਿਸਾਨ/ਲੋਕ ਜੱਦੋਜਹਿਦ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਦੀ ਹੋਈ ਨਿਰੰਤਰ ਵੇਗ ਨਾਲ ਲਗਾਤਾਰ ਅੱਗੇ ਵਧ ਰਹੀ ਹੈ, ਕਿਉਂਕਿ ਇਤਿਹਾਸ ਅੰਦਰ ਸਾਡੇ ਕੋਲ ਅਥਾਹ ਕੁਰਬਾਨੀਆਂ ਨਾਲ ਭਰਪੂਰ ਸੰਘਰਸ਼ਾਂ ਦਾ ਇਤਿਹਾਸਕ ਵਿਰਸਾ ਹੈ। ਇਸ ਇਤਿਹਾਸਕ ਵਿਰਸੇ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਸ. ਅਜੀਤ ਸਿੰਘ ਵੱਲੋਂ ਚਲਾਈ ‘ਪਗੜੀ ਸੰਭਾਲ ਜੱਟਾ ਲਹਿਰ’ ਦਾ ਸਭ ਤੋਂ ਅਮੀਰ ਵਿਰਸਾ ਸਾਡੇ ਲਈ ਰਾਹ ਦਰਸਾਵਾ ਹੈ। 23 ਫਰਵਰੀ 1881 ਨੂੰ ਸ. ਅਜੀਤ ਸਿੰਘ ਦਾ ਜਨਮ ਹੋਇਆ ਸੀ। ਜਿਨ੍ਹਾਂ ਤਿੰਨ ਬਿਲਾਂ ਖਿਲ਼ਾਫ ਚਾਚਾ ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਸਾਥੀਆਂ ਨੇ ਲੰਬਾ, ਸਿਰੜੀ ਸੰਘਰਸ਼ ਲੜਿਆ ਸੀ, ਉਹ ਕਾਨੂੰਨ ਵੀ ਅੱਜ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਖੇਤਰ ਨੂੰ ਤਬਾਹ ਕਰਨ ਲਈ ਲਿਆਂਦੇ ਕਾਨੂੰਨਾਂ ਵਾਂਗ ਹੀ ਸਨ।ਉਸ ਸਮੇਂ ਸਾਡੇ ਮੁਲਕ ਉੱਤੇ ਸਾਮਰਾਜੀ ਬਰਤਾਨਵੀ ਸ਼ਾਸ਼ਕ ਰਾਜ ਕਰਦੇ ਹਨ।

ਅੱਜ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਰਾਜ ਕਰਦੇ ਹਨ। ਤਿੰਨੇ ਕਾਨੂੰਨਾਂ ਬਾਰੇ ਗੱਲ ਕਰਦਿਆਂ ਬੁਲਾਰੇ ਆਗੂਆਂ ਕਿਹਾ ਕਿ ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ (1907),ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਐਕਟ ਬਿੱਲ ਮੁਜਰੀਆ(1907),ਜਿਲ੍ਹਾ ਰਾਵਲਪਿੰਡੀ ਵਿੱਚ ਵਾਹੀ ਹੇਠ ਜ਼ਮੀਨ ਦੇ ਮਾਲੀਆ ਵਿੱਚ ਵਾਧਾ, ਬਾਰੀ ਦੁਆਬ ਨਹਿਰ ਦੀ ਜ਼ਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ ਬਿਲ ਅਸੈਂਬਲੀ ਵਿੱਚ ਲਿਆਂਦੇ ਗਏ ਸਨ।ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘੇਰਾ ਪਾਈ ਬੈਠੇ ਕਿਸਾਨਾਂ ਦੇ ਇਕੱਠਾਂ ਵਿਚ `ਪਗੜੀ ਸੰਭਾਲ ਜੱਟਾ` ਗੀਤ ਖੂਬ ਗੂੰਜ ਰਿਹਾ ਹੈ। ਹਫਤਾਵਾਰ ਝੰਗ ਸਿਆਲ ਦੇ ਐਡੀਟਰ ਬਾਂਕੇ ਦਿਆਲ ਵੱਲੋਂ ਲਿਖਿਆ ਇਹ ਗੀਤ ਬ੍ਰਿਟਿਸ਼ ਰਾਜ ਦੇ 1906 ਦੇ ਖੇਤੀ ਕਾਨੂੰਨਾਂ ਖਿਲਾਫ ਉੱਠੀ ਕਿਸਾਨ ਲਹਿਰ ਦਾ ਮੁਖੜਾ ਬਣ ਗਿਆ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਅਗਵਾਈ ਵਿਚ ਚੱਲੀ `ਪਗੜੀ ਸੰਭਾਲ ਜੱਟਾ` ਲਹਿਰ ਦਾ ਝਲਕਾਰਾ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਲਹਿਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਪੱਧਰ ਤੇ ਨੌਜਵਾਨ ਅਜੀਤ ਸਿੰਘ ਦੇ ਪੋਸਟਰ ਅਤੇ ਬੈਨਰ ਟਰੈਕਟਰਾਂ `ਤੇ ਲਾ ਕੇ ਅਤੇ ਹਿੱਕਾਂ `ਤੇ ਬੈਜ ਸਜਾ ਕੇ ਸ਼ਾਮਲ ਹੋ ਰਹੇ ਹਨ।

ਪਗੜੀ ਸੰਭਾਲ ਓਇ ਜੱਟਾ (1906-09) ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬਰੀ ਦਾ ਵਰਤਾਉ ਪ੍ਰਤੀ ਇੱਕ ਅੰਦੋਲਨ ਸੀ।ਸੰਯੁਕਤ ਕਿਸਾਨ ਮੋਰਚਾ ਨੇ 23 ਫਰਵਰੀ ਨ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮ ਦਿਨ ਨੂੰ `ਪਗੜੀ ਸੰਭਾਲ` ਦਿਵਸ ਦੇ ਤੌਰ `ਤੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਉਂਕਿ ਅੱਜ ਦੇ ਭਾਰਤੀ ਹਾਕਮ ਵੀ ਸਾਮਰਾਜੀ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਖੇਤੀ ਖੇਤਰ ਦੇ ਉਜਾੜੇ ਲਈ (ਠੇਕਾ ਖੇਤੀ, ਮੰਡੀ ,ਜਖੀਰੇਬਾਜੀ) ਤਿੰਨੇ ਖੇਤੀ ਕਾਨੂੰਨ ਲੈਕੇ ਆਏ ਹਨ।ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਉੱਪਰ ਨਿਰਭਰ 60 % ਵਸੋਂ ਅਤੇ ਪਿੰਡਾਂ ਵਿੱਚ ਵਸਦੀ 72 % ਵਸੋਂ ਦਾ ਉਜਾੜਾ ਤਹਿ ਹੈ।

Jeeo Punjab Bureau

Leave A Reply

Your email address will not be published.