ਅੱਜ ਦਾ ਸਮਾਂ ਕੁਰਬਾਨੀਆਂ ਭਰੇ ਜਜ਼ਬੇ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਲੰਮੇ ਵਿਸਾਲ਼ ਘੋਲਾਂ ਦੀ ਮੰਗ ਕਰਦਾ ਹੈ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 20 ਫਰਵਰੀ

ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਜੁਝਾਰੂ ਵਿਰਸੇ ਦੇ ਪ੍ਰਣਾਏ ਹੋਏ ਰਾਹ ਤੇ ਚੱਲ ਕੇ ਹੀ ਜਾਬਰ ਹਕੂਮਤਾਂ ਦਾ ਨੱਕ ਮੋੜਿਆ ਜਾ ਸਕਦਾ ਹੈ । ਅੱਜ ਦਾ ਸਮਾਂ ਕੁਰਬਾਨੀਆਂ ਭਰੇ ਜਜ਼ਬੇ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਲੰਮੇ ਵਿਸਾਲ਼ ਘੋਲਾਂ ਦੀ ਮੰਗ ਕਰਦਾ ਹੈ।

ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਅੱਜ ਗਿਆਰ੍ਹਵੀਂ ਬਰਸੀ ਮੌਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਟਿਕਰੀ ਬਾਰਡਰ ਤੇ ਪਕੌੜਾ ਚੌਕ ਨੇੜੇ ਲੱਗੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ  ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕੀਤਾ । ਸਟੇਜ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰਨ ਤੋਂ  ਬਾਅਦ ਸ਼ਹੀਦਾਂ ਨੂੰ ਸਮਰਪਿਤ ਜ਼ੋਰਦਾਰ ਨਾਲ ਨਾਹਰੇ ਲਾ ਕੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ ਜੁਝਾਰੂ ਆਗੂ ਤੋਂ ਇਲਾਵਾ ਬਹੁਤ  ਵਧੀਆ ਗੀਤਕਾਰ ਅਤੇ ਲੇਖਕ ਵੀ ਸੀ । ਉਸ ਨੇ ਗ਼ਰੀਬ ਕਿਸਾਨਾਂ ਮਜ਼ਦੂਰਾਂ ਦੀਆਂ ਦੁੱਖਾਂ ਭਰੀਆਂ ਜ਼ਿੰਦਗੀਆਂ ਤੇ  ਅਤੇ ਉਸ ਖ਼ਿਲਾਫ਼ ਸੰਘਰਸ਼ ਕਰਨ ਲਈ ਅਨੇਕਾਂ  ਕਵਿਤਾਵਾਂ  ਅਤੇ ਗੀਤ ਲਿਖੇ । ਆਗੂਆਂ ਨੇ ਉਸ ਦੀ ਸੰਘਰਸ਼ਮਈ ਜੀਵਨੀ ਬਾਰੇ ਦੱਸਿਆ ਕਿ ਉਸ ਨੇ ਜਵਾਨੀ ਤੋਂ ਲੈ ਕੇ  ਨੌਕਰੀ ਦੀ ਸੇਵਾਮੁਕਤੀ ਤਕ ਵਿਦਿਆਰਥੀ ਲਹਿਰ ,ਬੇਰੁਜ਼ਗਾਰ ਅਧਿਆਪਕਾਂ, ਅਧਿਆਪਕ ਜਥੇਬੰਦੀ ਅਤੇ  ਮੋਗਾ ਸਿਨੇਮਾ ਆਦਿ  ਘੋਲਾਂ  ਵਿੱਚ ਯੋਗਦਾਨ ਪਾਇਆ। ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਮੈਂਬਰ ਬਣ ਗਏ  ਅਤੇ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਦੇ ਅਹੁਦੇ ਤੇ ਕੰਮ ਕੀਤਾ ।

ਨਿੱਜੀਕਰਨ ਦੀਆਂ ਨੀਤੀਆਂ ਤੇ ਚਲਦਿਆਂ 2007 ਵਿੱਚ ਕੈਪਟਨ ਸਰਕਾਰ ਵੱਲੋਂ ਬਰਨਾਲਾ ਨੇੜੇ ਤਿੰਨ ਪਿੰਡਾਂ ਦੀ ਜ਼ਮੀਨ ਟਰਾਈਡੈਂਟ ਕੰਪਨੀ ਨੂੰ ਦੇਣ ਖ਼ਿਲਾਫ਼ ਚੱਲੇ ਸੰਘਰਸ਼ ਵਿਚ ਉਸ ਨੇ ਮੂਹਰੇ ਹੋ ਕੇ ਸੰਘਰਸ਼ ਲੜਿਆ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਵੀ ਮੋਰਚੇ ਚ ਡਟਿਆ ਰਿਹਾ ।ਉਸ ਤੋਂ ਬਾਅਦ ਬਾਦਲ ਸਰਕਾਰ ਵੇਲੇ ਅੰਮ੍ਰਿਤਸਰ ਦੇ ਨੇੜੇ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੇ  ਜੋ ਉਨ੍ਹਾਂ ਨੇ ਆਪਣੀ ਮਿਹਨਤ ਕਰਕੇ ਆਬਾਦ ਕੀਤੀਆਂ ਸਨ ਸਰਕਾਰ ਦੀ ਸਾਹਿਪ੍ਰਸਤ   ਗੁੰਡਿਆਂ ਵੱਲੋਂ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਖਿਲਾਫ ਸਾਧੂ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਲੜਿਆ ਗਿਆ  ਅਤੇ ਉਨ੍ਹਾਂ ਗ਼ਰੀਬ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿਵਾਏ।ਇਸ ਰੰਜਿਸ਼ ਦੇ ਵਿਚ ਫਰਵਰੀ 2010 ਨੂੰ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਨੇ ਆਪਣੇ ਗੁੰਡਿਆਂ ਤੋਂ ਸਾਧੂ ਸਿੰਘ ਤਖ਼ਤੂਪੁਰਾ ਦਾ ਕਤਲ ਕਰਵਾ ਦਿੱਤਾ । ਉਨ੍ਹਾਂ ਕਿਹਾ ਕਿ ਹਕੂਮਤਾਂ ਸੰਸਾਰੀਕਰਨ ਵਪਾਰੀਕਰਨ ਨਿੱਜੀਕਰਨ ਦੀਆਂ  ਨੀਤੀਆਂ ਤੇ ਚਲਦਿਆਂ ਕਾਰਪੋਰੇਟ ਘਰਾਣਿਆਂ ਨੂੰ   ਖੇਤੀ ਤੇ ਕਬਜ਼ਾ ਕਰਨ ਲਈ ਨਵੇਂ ਕਾਲੇ ਕਾਨੂੰਨ  ਲਿਆ ਰਹੀਆਂ ਹਨ।

ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਬਖ਼ਸ਼ਣ ਲਈ ਟੈਕਸ ਛੋਟਾਂ ਦਿੱਤੀਆਂ ਜਾ ਰਹੀਆਂ ਹਨ   ਅਤੇ ਕਿਰਤੀਆਂ ਦੀ ਲੁੱਟ ਕਰਨ ਲਈ ਹੋਰ ਵਧੇਰੇ ਟੈਕਸ ਲਾ ਕੇ ਡੀਜ਼ਲ, ਪੈਟਰੋਲ, ਰਸੋਈ ਗੈਸ ਆਦਿ ਵਸਤਾਂ  ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ   ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆ ਕੇ ਇਨ੍ਹਾਂ ਨੀਤੀਆਂ ਨੂੰ ਵਾਪਸ ਮੋੜਨਾ ਹੀ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ ।

ਐਡਵੋਕੇਟ ਤਾਨੀਆ ਤੁਅਸਬ  ਮਲੇਰਕੋਟਲਾ  ਅਤੇ ਔਰਤ  ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ  ਮੋਦੀ ਹਕੂਮਤ ਜਿਵੇਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸ ਰਹੀ ਹੈ  ਉਸੇ ਤਰ੍ਹਾਂ ਔਰਤਾਂ ਨੂੰ ਵੱਧ ਸੁਰੱਖਿਆ ਦੇਣ ਦੇ ਕਾਨੂੰਨ ਪ੍ਰਚਾਰ ਕੇ ਔਰਤਾਂ ਤੇ ਜਬਰ ਕਰ ਰਹੀ ਹੈ । ਤੀਹਰੇ ਤਲਾਕ ਦੇ ਕਾਨੂੰਨਾਂ ਨੂੰ ਔਰਤ ਦੀ ਸੁਰੱਖਿਆ ਕਹਿ ਰਹੀ ਹੈ । ਦਲਿਤਾਂ ਔਰਤਾਂ ਦੇ  ਬਲਾਤਕਾਰ ਅਤੇ  ਕਤਲ ਕੀਤੇ ਜਾ ਰਹੇ ਹਨ ਉਨ੍ਹਾਂ ਬਲਾਤਕਾਰੀ ਕਾਤਲਾਂ  ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਕਿਸਾਨ ਅੰਦੋਲਨ ਦੌਰਾਨ ਸਾਜ਼ਿਸ਼ ਤਹਿਤ ਔਰਤਾਂ ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੋਂ ਜੋ ਦਹਿਸ਼ਤਜੁਦਾ ਮਾਹੌਲ ਕਰਕੇ ਅੰਦੋਲਨ ਵਿਚ ਔਰਤਾਂ ਦੀ ਸ਼ਮੂਲੀਅਤ ਘਟਾਈ ਜਾ ਸਕੇ । ਉਨ੍ਹਾਂ ਕਿਹਾ ਕਿ ਔਰਤਾਂ ਜਾਗਰੂਕ ਹੋ ਚੁੱਕੀਆਂ ਹਨ ਅਤੇ ਸਰਕਾਰ ਦੇ ਇਨ੍ਹਾਂ ਜਾਬਰ ਹਥਕੰਡਿਆਂ ਦਾ ਮੂੰਹ ਤੋੜ ਜਵਾਬ ਦੇਣਗੀਆਂ ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਟਿਕਰੀ ਬਾਰਡਰ ਤੇ   ਕਾਫਲਾ ਲੈ ਕੇ  ਕਿਸਾਨ ਮੋਰਚੇ ਵਿਚ ਪੁੱਜੇ   ਪ੍ਰੋਫ਼ੈਸਰ   ਦਵਿੰਦਰ ਸਿੰਘ ਅਤੇ ਡਾ ਰਾਜ ਕੁਮਾਰ ਨੇ ਕਿਸਾਨ ਘੋਲ ਦੀ ਹਮਾਇਤ ਕੀਤੀ । ਉਪਰੋਕਤ ਬੁਲਾਰਿਆਂ ਤੋਂ ਇਲਾਵਾ ਅੱਜ ਦੇ ਇਕੱਠ ਨੂੰ ਜਸਵੰਤ ਸਿੰਘ ਤੋਲਾਵਾਲ, ਜਗਸੀਰ ਸਿੰਘ ਦੋਦੜਾ, ਭਗਤ ਸਿੰਘ ਛੰਨਾ ਅਤੇ ਹਰਿਆਣਾ ਤੋਂ ਡਾ ਦਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ ।

Jeeo Punjab Bureau

Leave A Reply

Your email address will not be published.