ਕੈਪਟਨ ਸਰਕਾਰ ‘ਆਪ’ ਆਗੂਆਂ ਅਤੇ ਵਲੰਟੀਅਰਾਂ ਖਿਲਾਫ ਦਰਜ ਕਰ ਰਹੀ ਹੈ ਝੂਠੇ ਮੁਕੱਦਮੇ

ਜੀਓ ਪੰਜਾਬ ਬਿਊਰੋ

ਚੰਡੀਗੜ, 20 ਫਰਵਰੀ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਅਤੇ ਵਲੰਟੀਅਰਾਂ ਖਿਲਾਫ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਈ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਸਐਸਪੀ ਜਗਰਾਉਂ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਵਿਧਾਇਕ ਅਮਰਜੀ ਸਿੰਘ ਸੰਦੋਆ ਅਤੇ ਵਿਧਾਇਕ ਬਲਦੇਵ ਸਿੰਘ ਜੈਤੋ ਸਮੇਤ ਸੰਯੁਕਤ ਸਕੱਤਰ ਮਾਲਵਾ ਅਮਨਦੀਪ ਮੋਹੀ, ਜਿਲਾ ਪ੍ਰਧਾਨ ਲੁਧਿਆਣਾ ਸੁਰੇਸ਼ ਗੋਇਲ, ਜਿਲਾ ਸਕੱਤਰ ਲੁਧਿਆਣਾ ਸ਼ਰਨਪਾਲ ਸਿੰਘ ਮਕੱੜ ਤੋਂ ਇਲਾਵਾ ਹੋਰ ਸੀਨੀਅਰ ਆਗੂਆਂ ਸਮੇਤ ਜ਼ਿਲ੍ਹੇ ਦੇ ਆਗੂਆਂ ਅਤੇ ਵੱਡੀ ਗਿਣਤੀ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਹਰ ਹੱਥਕੰਢਾ ਵਰਤਕੇ ਚੋਣਾਂ ਲੁੱਟਣ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਗਰਾਉਂ ਦੀ ਕੌਂਸਲ ਦੀਆਂ ਚੋਣਾਂ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਜਦੋਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਤਰੀਕਿਆਂ ਨੂੰ ਦੇਖਿਆ ਤਾਂ ਉਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਈਵੀਐਮ ਮਸ਼ੀਨਾਂ ਦੀਆਂ ਤਰੀਕਾਂ ਵਿੱਚ ਮੇਲ ਨਹੀਂ ਖਾਂਦੀਆਂ ਸਨ, ਵੱਖ-ਵੱਖ ਸਨ। ਕੁਝ ਮਸ਼ੀਨਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਅਤੇ ਕੁਝ ਮਸ਼ੀਨਾਂ ਦੀਆਂ ਸੀਲਾਂ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਜਦੋਂ ਇਸ ਸਬੰਧੀ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਦੀ ਮੰਗ ਕੀਤੀ ਗਈ ਤਾਂ ਮੌਕੇ ਉਤੇ ਰਿਟਰਨਿੰਗ ਅਫਸਰ ਐਸਡੀਐਮ ਨੇ ਸਰਕਾਰ ਦੇ ਦਬਾਅ ਹੇਠ ਦੁਬਾਰਾ ਗਿਣਤੀ ਕਰਾਉਣਾ ਠੀਕ ਨਾ ਸਮਝਿਆ।

ਇਸ ਤੋਂ ਬਾਅਦ ਮੌਕੇ ਉੱਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੂੰ ਪਾਰਟੀ ਵਾਲੰਟੀਅਰਾਂ ਨਾਲ ਮਜ਼ਬੂਰਨ ਹਾਈਵੇਅ ਜਾਮ ਕਰਨਾ ਪਿਆ। ਪ੍ਰਸ਼ਾਸਨ ਤੋਂ ਦੁਬਾਰਾ ਵੋਟਾਂ ਦੀ ਗਿਣਤੀ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਦੁਬਾਰਾ ਤਾਂ ਕੀ ਕਰਾਉਣੀ ਸੀ ਸਗੋਂ ਵਿਧਾਇਕ ਸਰਵਜੀਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ।

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਤੰਤਰਿਕ ਢੰਗ ਨਾਲ ਚੁਣੀ ਗਈ ਸਰਕਾਰ ਦਿਨੋਂ ਦਿਨ ਕੇਂਦਰ ਦੀ ਮੋਦੀ ਸਰਕਾਰ ਵਾਂਗ ਹੀ ਤਾਨਾਸ਼ਾਹ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਗੁੰਡਿਆਂ ਵੱਲੋਂ ਅਨੇਕਾਂ ਥਾਵਾਂ ਉੱਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਪ੍ਰੰਤੂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 200 ਥਾਵਾਂ ਉੱਤੇ ਹਿੰਸਾ ਅਤੇ ਬੂਥਾਂ ਉੱਤੇ ਕਬਜ਼ੇ ਕੀਤੇ ਗਏ, ਪ੍ਰੰਤੂ ਸਿਰਫ 5 ਬੂਥਾਂ ਦੁਬਾਰਾ ਤੋਂ ਚੋਣ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦੀ ਮਦਦ ਨਾਲ ਕੀਤੀ ਗਈ ਗੁੰਡਾਗਰਦੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਾਲੰਟੀਅਰਾਂ ਨੇ ਵਿਰੋਧ ਕੀਤਾ ਤਾਂ ਉਲਟਾ ਉਨ੍ਹਾਂ ਦੇ ਖਿਲਾਫ ਹੀ ਕੇਸ ਦਰਜ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ 2022 ਵਿੱਚ ‘ਆਪ’ ਦੀ ਸਰਕਾਰ ਆਉਣ ਉੱਤੇ ਕਾਂਗਰਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਾਰੀਆਂ ਤਾਨਾਸ਼ਾਹੀਆਂ ਦਾ ਅੰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਜੋ ਲੋਕਤੰਤਰ ਦਾ ਘਾਣ ਕਰਨ ਲਈ ਆਪਣੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਵਿਰੁਧ ਆਵਾਜ਼ ਚੁੱਕਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਉੱਤੇ ਪੁਲਿਸ ਵੱਲੋਂ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਸਾਰੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Jeeo Punjab Bureau

Leave A Reply

Your email address will not be published.