ਲੱਖਾ ਸਿਧਾਣਾ ਨੇ ਪੁਲਿਸ ਨੂੰ ਦਿੱਤੀ ਖੁੱਲ੍ਹੀ ਚਿਤਾਵਨੀ
ਜੀਓ ਪੰਜਾਬ ਬਿਊਰੋ
ਚੰਡੀਗੜ੍ਹ, 20 ਫਰਵਰੀ
ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਕਿਸਾਨ ਟਰੈਕਟਰ ਰੈਲੀ ਦੌਰਾਨ ਹਿੰਸਾ ਦੇ ਦੋਸ਼ ਵਿੱਚ ਦਿੱਲੀ ਪੁਲਿਸ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ। ਇਸ ਦੌਰਾਨ ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤਾ ਹੈ। ਵੀਡੀਓ ਦੇ ਜ਼ਰੀਏ ਲੱਖਾ ਸਿਧਾਣਾ ਨੇ ਕਿਸਾਨਾਂ ਦੇ ਸਮਰਥਨ ਵਿਚ ਡਟੇ ਰਹਿਣਾ ਦਾ ਐਲਾਨ ਕੀਤਾ ਹੈ, ਉਥੇ ਪੁਲਿਸ ਨੂੰ ਖੁੱਲ੍ਹੀ ਚਿਤਾਵਨੀ ਦਿੰਦੇ ਹੋਏ 23 ਫਰਵਰੀ ਨੂੰ ਇਕ ਹੋਰ ਪ੍ਰਦਰਸ਼ਨ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਇਹ ਪ੍ਰਦਰਸ਼ਨ ਬਠਿੰਡਾ ਵਿੱਚ ਕੀਤਾ ਜਾ ਰਿਹਾ ਹੈ। ਲੱਖਾ ਨੇ ਵੀਡੀਓ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ 26 ਜਨਵਰੀ ਨੂੰ ਭੜਕੀ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਪਿਛਲੇ 25 ਦਿਨਾਂ ਤੋਂ ਲੱਖਾ ਸਿੰਘ ਸਿਧਾਣਾ ਦੀ ਭਾਲ ਕਰ ਰਹੀ ਹੈ। ਲੱਖੇ ਨੂੰ ਲੈ ਕੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਹੈ। ਵੀਡੀਓ ਨੂੰ ਵੇਖਣ ਤੋਂ ਬਾਅਦ, ਅਜਿਹਾ ਲੱਗਦਾ ਹੈ ਕਿ ਇਹ ਵੀਡੀਓ ਰਾਤ ਦੇ ਹਨੇਰੇ ਵਿੱਚ ਬਣਾਇਆ ਗਿਆ ਹੈ। ਲੱਖਾ ਤੰਬੂ ਵਿੱਚ ਬੈਠਾ ਹੋਇਆ ਹੈ, ਬਹੁਤ ਸਾਰੇ ਲੋਕ ਜ਼ਮੀਨ ਉਤੇ ਸੌਂ ਰਹੇ ਹਨ।
Jeeo Punjab Bureau