ਜੇ ਖਾਰਸ਼ ਬੂਟਾਂ ਅੰਦਰ ਹੋਵੇ ਤਾਂ ਲੱਤਾਂ ਖੁਰਕਣ ਨਾਲ ਕੋਈ ਫਾਇਦਾ ਨਹੀਂ ਹੁੰਦਾ
ਜੀਓ ਪੰਜਾਬ ਬਿਊਰੋ
ਚੰਡੀਗੜ੍ਹ, 20 ਫਰਵਰੀ
ਮੰਨਿਆ ਕੁਦਰਤ ਦੇ ਦਿੱਤੇ ਨੈਣ-ਨਕਸ਼ ਨਹੀਂ ਬਦਲੇ ਜਾ ਸਕਦੇ, ਪਰ ਜੇ ਮਨ ਖੁਸ਼ ਹੋਵੇ ਤਾਂ ਇਨ੍ਹਾਂ ਦੇ ਪ੍ਰਭਾਵ ਨੂੰ ਜਰੂਰ ਬਦਲਿਆ ਜਾ ਸਕਦਾ ਹੈ। ਕਿਉਂ ਕਿ ਕਈ ਵਾਰੀ ਰੋਗੀ ਸਾਡਾ ਮਨ ਹੁੰਦਾ ਹੈ, ਦੁਨੀਆਦਾਰ ਜਾਂ ਡਾਕਟਰ ਟੋਂਹਦੇ ਸਾਡਾ ਸਰੀਰ ਰਹਿੰਦੇ ਹਨ!
ਹਰ ਮਸ਼ੀਨਰੀ ਦਾ ਮੂਹਰਲਾ ਸ਼ੀਸ਼ਾ, ਮਗਰਲੇ ਸ਼ੀਸ਼ੇ ਨਾਲੋਂ ਵੱਡਾ ਅਤੇ ਲੰਬਾ-ਚੌੜਾ ਇਸ ਲਈ ਹੁੰਦਾ ਹੈ ਕਿ ਸਾਨੂੰ ਪਿੱਛੇ ਘੱਟ ਅਤੇ ਅੱਗੇ ਵੱਧ ਦੇਖਣਾ ਚਾਹੀਦਾ ਹੈ। ਇਹੀ ਨਿਯਮ ਸਾਡੇ ਖੁਦ ਤੇ ਵੀ ਲਾਗੂ ਹੁੰਦਾ ਹੈ ਕਿ ਸਾਨੂੰ ਆਪਣੇ ਅੰਦਰ ਵੱਧ ਤੇ ਦੂਜਿਆਂ ਅੰਦਰ ਘੱਟ ਦੇਖਣਾ ਚਾਹੀਦਾ ਹੈ। ਬਾਹਰੀ ਸੁੰਦਰਤਾ ਕਿਸ ਲੇਖੇ ਜੇ ਅੰਦਰ ਗੰਦਗੀ ਭਰੀ ਹੋਵੇ। ਬਾਕੀ ਆਪਣੀ ਖੁਦ ਦੀ ਆਤਮਾ ਜਿਤਨੀ ਸ਼ਾਂਤ ਥਾਂ, ਸੰਸਾਰ ਵਿਚ ਕਿਧਰੇ ਹੋਰ ਨਹੀਂ, ਥੋੜ੍ਹਾ ਮਨ ਨੂੰ ਖੁਸ਼ ਰੱਖਕੇ ਦੇਖ ਮਿੱਤਰਾ। ਖੁਸ਼ ਮਨ ਨਾਲ ਜਦੋਂ ਅਸੀਂ ਹੋਰਨਾਂ ਨੂੰ ਸਤਿਕਾਰ ਅਤੇ ਪਿਆਰ ਨਾਲ ਦੇਖਾਂਗੇ ਤਾਂ ਸਾਡੀਆਂ ਅੱਖਾਂ ਵਿਚ ਸਾਹਮਣੇ ਵਾਲੇ ਨੂੰ ਸ਼ਰਾਫ਼ਤ ਆਪਣੇ ਆਪ ਨਜ਼ਰ ਆਵੇਗੀ, ਸਾਡਾ ਸਧਾਰਨ ਚਿਹਰਾ ਵੀ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਕਰੇਗਾ। ਸਾਡਾ ਸੁਭਾਅ ਹਰ ਪੱਖੋਂ ਦੂਜਿਆਂ ਦੀ ਜ਼ਿੰਦਗੀ ਵਿਚ ਦਿਲਚਸਪੀ ਜਗਾਉਣ ਅਤੇ ਰੌਣਕ ਲਿਆਉਣ ਵਾਲਾ ਬਣ ਜਾਵੇਗਾ, ਹੌਲੀ-ਹੌਲੀ ਅਸੀਂ ਸਭ ਦੀ ਪਸੰਦ ਬਣ ਜਾਵਾਂਗੇ, ਸਾਨੂੰ ਕੁਦਰਤ ਵੱਲੋਂ ਬਖਸ਼ਿਸ਼ ਕੀਤੇ ਸਰੀਰ ਤੇ ਮਾਣ ਹੋਵੇਗਾ।
ਅਸੀਂ ਅੱਖਾਂ ਮੀਟ ਕੇ ਰੱਬ ਦੇ ਦੀਦਾਰ ਕਰਨਯੋਗ ਬਣ ਜਾਵਾਂਗੇ, ਫਿਰ ਸਾਰੀ ਕੁਦਰਤ ਹੀ ਸਾਨੂੰ ਮਹਿਬੂਬ ਵਰਗੀ ਲੱਗੇਗੀ। ਛੱਡ ਦੇਵਾਂਗੇ ਸੁਗੰਧੀਆਂ ਅਤੇ ਇਤਰ-ਫੁਲੇਲਾਂ ਦੀ ਵਰਤੋਂ ਕਰਨਾ, ਜਦੋਂ ਧੁਰ ਅੰਦਰੋਂ ਮਨ ਨੇ ਮਹਿਸੂਸ ਕੀਤਾ ਕਿ ਇਹ ਸਭ ਤਾਂ ‘ਖੁਦ ਦਾ ਸਵੈ-ਭਰੋਸਾ ਉਸਾਰਨ ਖਾਤਰ ਅਤੇ ਦੂਜਿਆਂ ਨੂੰ ਨੇੜੇ ਲਿਆਉਣ ਲਈ ਵਰਤੇ ਜਾਂਦੇ ਹਨ।’ ਇਸ ਅਵਸਥਾ ਵਿਚ ਆਕੇ ਦੁਨੀਆ ਦੇ ਹਰ ਕੋਨੇ ‘ਚ ਸਾਡੇ ਸ਼ਬਦਾਂ ਦੀਆਂ ਅਮੁੱਕ ਮਹਿਕਾਂ ਆਉਂਣਗੀਆਂ।
ਜੇ ਖਾਰਸ਼ ਬੂਟਾਂ ਅੰਦਰ ਹੋਵੇ ਤਾਂ ਲੱਤਾਂ ਖੁਰਕਣ ਨਾਲ ਕੋਈ ਫਾਇਦਾ ਨਹੀਂ ਹੁੰਦਾ, ਸੋ ਜੇ ਮਨ ਅੰਦਰ ਦੂਜਿਆਂ ਲਈ ਨਫ਼ਰਤ, ਵੈਰ, ਵਿਰੋਧ ਅਤੇ ਈਰਖਾ ਹੋਵੇ ਤਾਂ ਗੁਰਬਾਣੀ ਦੀਆਂ ਪੋਥੀਆਂ ਪੜ੍ਹਨ ਨਾਲ ਕੋਈ ਫਾਇਦਾ ਨਹੀਂ ਹੁੰਦਾ, ਸੋ ਪਹਿਲਾਂ ਮਨ ਜੀਤੇ ਜੱਗ ਜੀਤੇ …ਹਰਫੂਲ ਭੁੱਲਰ ਮੰਡੀ ਕਲਾਂ 9876870157
Jeeo Punjab Bureau