ਕੈਪਟਨ ਨੇ ਸਰਕਾਰੀ ਖਜ਼ਾਨਾ ਕੀਤਾ ਖਾਲੀ, ਹੁਣ ਉਸਨੂੰ ਭਰਨ ਲਈ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਾ ਰਹੇ ਹਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 19 ਫਰਵਰੀ

ਆਮ ਆਦਮੀ ਪਾਰਟੀ ਨੇ ਡੀਜ਼ਲ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਮਹਿੰਗਾਈ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਕੈਪਟਨ ਸਰਕਾਰ ਦੀਆਂ ਨੀਤੀਆਂ ਜਨਤਾ ਨੂੰ ਲੁੱਟਣ ਵਾਲੀ ਹੈ। ਕੈਪਟਨ ਸਰਕਾਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਗਲਾ ਘੋਟ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਤਰ ਭਾਰਤ ਸੂਬਿਆਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਹਨ। ਇਸਦਾ ਕਾਰਨ ਹੈ ਕਿ ਕੈਪਟਨ ਸਰਕਾਰ ਨੇ ਡੀਜ਼ਲ ਪੈਟਰੋਲ ਉੱਤੇ ਹੋਰ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਟੈਕਸ ਵਸੂਲ ਰਹੀ ਹੈ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੈਪਟਨ ਸਰਕਾਰ ਨੇ ਜੋ ਪੈਟਰੋਲ ਡੀਜ਼ਲ ਉੱਤੇ ਨਵਾਂ ਟੈਕਸ ਲਗਾਇਆ ਸੀ, ਉਸ ਕਾਰਨ ਅੱਜ ਪੈਟਰੋਲ ਅਤੇ ਡੀਜ਼ਲ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਅੱਜ ਪੰਜਾਬ ਦੇ ਕਿਸਾਨ, ਆਮ ਲੋਕ ਅਤੇ ਛੋਟੇ ਅਤੇ ਮੱਧ ਵਪਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸਰਕਾਰ ਆਰਥਿਕ ਮੋਰਚੇ ਉੱਤੇ ਬੁਰੀ ਤਰ੍ਹਾਂ ਫੈਲ ਰਹੀ ਹੈ, ਇਸ ਲਈ ਉਹ ਪੰਜਾਬ ਦੇ ਲੋਕਾਂ ਨਾਲ ਜਬਰਦਸਤੀ ਨਵੇਂ ਟੈਕਸ ਲਗਾ ਕੇ ਪੈਸਾ ਵਸੂਲ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਵਿੱਚ ਹੋਰ ਉਤਰ ਭਾਰਤ ਸੂਬਿਆਂ ਦੇ ਮੁਕਾਬਲੇ ਪੈਟਰੋਲ ਦੀਆਂ ਕੀਮਤਾਂ ਲਗਭਗ 4 ਰੁਪਏ ਅਤੇ ਡੀਜ਼ਲ ਦੀ ਕੀਮਤ ਲਗਭਗ 3 ਰੁਪਏ ਜ਼ਿਆਦਾ ਹੈ।

ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਮਹਿੰਗਾਈ ਨੂੰ ਕੰਟਰੋਲ ਵਿੱਚ ਲਿਆਉਣ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਮਹਿੰਗਾਈ ਦੀ ਸਮੀਖਿਆ ਕਰਨੀ ਚਾਹੀਦੀ ਹੈ। ਪੰਜਾਬ ਦੇ ਲੋਕ ਕੈਪਟਨ ਦੇ ਇਰਾਦਿਆਂ ਨੂੰ ਹੁਣ ਸਮਝ ਚੁੱਕੇ ਹਨ। 2022 ਵਿੱਚ ਪੰਜਾਬ ਦੀ ਜਨਤਾ ਕੈਪਟਨ ਨੂੰ ਆਪਣੇ ਤਰੀਕੇ ਨਾਲ ਜਵਾਬ ਦੇਵੇਗੀ।

Jeeo Punjab Bureau

Leave A Reply

Your email address will not be published.