ਰਾਜੀਵ ਮਠਾੜੂ
ਨਵੀਂ ਦਿੱਲੀ, 30 ਜਨਵਰੀ
ਜੈਸ਼-ਉਲ-ਹਿੰਦ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਸਾਹਮਣੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਕਥਿਤ ਤੌਰ ਉਤੇ ਮੈਸੇਜਿੰਗ ਐਪ ਟੈਲੀਗਰਾਮ ਦੇ ਸੰਦੇਸ਼ ਰਾਹੀਂ ਇਸ ਦੀ ਪੁਸ਼ਟੀ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਰਾਜਧਾਨੀ ਦਿੱਲੀ ‘ਚ ਇਜ਼ਰਾਇਲੀ ਦੂਤਘਰ ਨੇੜੇ ਹੋਏ ਧਮਾਕੇ ਤੋਂ ਬਾਅਦ ਦੇਸ਼ ਭਰ ਵਿਚ ਅਲਰਟ ਹੈ। ਸਰਕਾਰ ਐਕਸ਼ਨ ਵਿਚ ਹੈ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਪੂਰੀ ਤਰ੍ਹਾਂ ਜਾਂਚ ਵਿਚ ਜੁਟੀ ਹੈ। ਹਾਲਾਂਕਿ ਭਾਰਤ ‘ਚ ਕਿਸੇ ਵੀ ਖੁਫਿਆ ਏਜੰਸੀ ਨੂੰ ਇਸ ਸੰਗਠਨ ਬਾਰੇ ਜਾਣਕਾਰੀ ਨਹੀਂ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸੰਗਠਨ ਈਰਾਨ ਨਾਲ ਜੁੜਿਆ ਹੈ ਜਾਂ ਪਾਕਿਸਤਾਨ ਨਾਲ ਜਾਂ ਕੋਈ ਸਲੀਪਰ ਸੈੱਲ ਹੈ। ਜਾਂਚ ਜਾਰੀ ਹੈ।
ਹੁਣ ਤਕ ਕਈ ਅਹਿਮ ਸੁਰਾਗ ਹੱਥ ਲੱਗੇ ਹਨ ਜਿਸ ਤੋਂ ਬਾਅਦ ਇਹ ਲਗਭਗ ਸਾਫ਼ ਹੋ ਗਿਆ ਹੈ ਕਿ ਇਜ਼ਰਾਇਲੀ ਦੂਤਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ ਸੀ। ਅਮੋਨੀਅਮ ਨਾਈਟ੍ਰੇਟ ਨਾਲ ਧਮਾਕਾ ਕੀਤਾ ਗਿਾ ਸੀ। ਅਧਿਕਾਰੀਆਂ ਨੂੰ ਮੌਕੇ ਤੋਂ ਇਕ ਚਿੱਠੀ ਤੇ ਅੱਧ ਸੜਿਆ ਗੁਲਾਬੀ ਦੁਪੱਟਾ ਮਿਲਿਆ ਹੈ। ਚਿੱਠੀ ‘ਚ ਲਿਖਿਆ ਹੈ, ਟੂ ਦ ਇਜ਼ਰਾਇਲੀ ਅੰਬੈਸਡਰ ਯਾਨੀ ਪੱਤਰ ਇਜ਼ਰਾਇਲੀ ਅੰਬੈਸਡਰ ਦੇ ਨਾਂ ਲਿਖਿਆ ਹੈ।
ਮੀਡੀਆ ਮੁਤਾਬਿਕ, ਚਿੱਠੀ ‘ਚ ਦਿੱਲੀ ਦੇ ਇਸ ਧਮਾਕੇ ਨੂੰ ਟ੍ਰੇਲਰ ਦੱਸਿਆ ਗਿਆ ਹੈ ਤੇ ਕਾਸਿਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜਨਵਰੀ ‘ਚ ਅਮਰੀਕਾ ਨੇ ਬਗ਼ਦਾਦ ਏਅਰਪੋਰਟ ‘ਤੇ ਏਅਰ ਸਟ੍ਰਾਈਕ ਕਰ ਕੇ ਈਰਾਨ ਦੀ ਏਲਿਟ ਫੋਰਸ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਇਆ ਸੀ। ਇਰਾਨੀ ਨੇ ਇਸ ਦਾ ਬਦਲਾ ਲੈਣ ਦੀ ਗੱਲ ਕਹੀ ਸੀ। ਉੱਥੇ ਹੀ ਸ਼ਨਿਚਰਵਾਰ ਸਵੇਰੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਇਜ਼ਰਾਈਲ ਦੂਤਘਰ ਦੇ ਬਾਹਰ ਮੌਜੂਦ ਹੈ, ਜਿੱਥੇ ਸ਼ੁੱਕਰਵਾਰ ਸ਼ਾਮ ਨੂੰ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਸੀ।