ਹਰ ਬੰਦੇ ਦੀ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰੋ
ਧਾਰਮਿਕ ਨਿਸ਼ਾਨਾਂ ਦੀ ਖੁਦਗਰਜ਼ ਵਰਤੋਂ ਦਾ ਵਿਰੋਧ ਕਰੋ
ਭਾਰਤੀ ਕਿਸਾਨ ਯੂਨੀਅਨ ਵਿੱਚ ਕਿਸੇ ਵੀ ਧਰਮ ਨਾਲ ਸਬੰਧਤ ਕਿਸਾਨ ਸ਼ਾਮਲ ਹਨ, ਜਿਨ੍ਹਾਂ ਦਾ ਸਾਂਝਾ ਮਕਸਦ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨਾ ਹੈ। ਇਸ ਦੇ ਝੰਡੇ ਹੇਠ ਕਿਸਾਨ ਹਿਤਾਂ ਲਈ ਜੂਝਣ ਵਾਲੇ ਕਿਸਾਨਾਂ ਦੀ ਬਹੁ-ਗਿਣਤੀ ਨਿੱਜੀ ਤੌਰ ’ਤੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਹੈ। ਇਹ ਹਰ ਧਰਮ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰਦੀ ਹੈ। ਹਰ ਬੰਦੇ ਦੀ ਧਾਰਮਿਕ ਆਜ਼ਾਦੀ ਦਾ ਬਰਾਬਰ ਸਤਿਕਾਰ ਕਰਦੀ ਹੈ। ਬਹੁ-ਗਿਣਤੀ ਧਰਮਾਂ ਦੇ ਲੋਕਾਂ ਦੀ ਆਜ਼ਾਦੀ ਦਾ ਵੀ ਅਤੇ ਘੱਟ ਗਿਣਤੀ ਧਰਮ ਦੇ ਲੋਕਾਂ ਦੀ ਆਜ਼ਾਦੀ ਦਾ ਵੀ। ਸਿਰਫ਼ ਸਤਿਕਾਰ ਹੀ ਨਹੀਂ ਕਰਦੀ, ਸਭਨਾਂ ਦੀ ਧਾਰਮਿਕ ਆਜ਼ਾਦੀ ਦੇ ਹੱਕ ਲਈ ਡਟ ਕੇ ਸੰਘਰਸ਼ ਵੀ ਕਰਦੀ ਹੈ। ਕੁਝ ਅਰਸਾ ਪਹਿਲਾਂ ਹੀ ਮੁਸਲਿਮ ਭਾਈਚਾਰੇ ਨੇ ਪੰਜਾਬ ਅਤੇ ਦਿੱਲੀ ’ਚ ਉਹਨਾਂ ਦੇ ਧਾਰਮਿਕ ਹੱਕਾਂ ਦੀ ਹਮਾਇਤ ’ਚ ਵੱਡੇ ਕਿਸਾਨ ਕਾਫ਼ਲਿਆਂ ਦਾ ਹਮਾਇਤੀ ਝੰਡਾ ਉੱਚਾ ਹੁੰਦਾ ਵੇਖਿਆ ਹੈ। ਪਰ ਅਸੀਂ ਕਦੇ ਵੀ ਨਿਸ਼ਾਨ ਸਾਹਿਬ ਜਾਂ ਹੋਰ ਕਿਸੇ ਧਾਰਮਿਕ ਚਿੰਨ੍ਹ ਦੀ ਨਾਜਾਇਜ਼ ਵਰਤੋਂ ਨਹੀਂ ਕੀਤੀ। ਕਿਸੇ ਵੀ ਧਰਮ ਦੇ ਨਿਸ਼ਾਨ ਨੂੰ ਆਪਣੀ ਜਥੇਬੰਦੀ ਦਾ ਨਿਸ਼ਾਨ ਨਹੀਂ ਬਣਾਇਆ। ਸਾਡੇ ਕਾਫ਼ਲੇ ’ਚ ਜੁੜੇ ਸਭ ਧਰਮਾਂ ਦੇ ਕਿਸਾਨਾਂ ਦੇ ਧਾਰਮਿਕ ਨਿਸ਼ਾਨ ਆਪੋ-ਆਪਣੇ ਹਨ। ਪਰ ਕਿਸਾਨ ਜਥੇਬੰਦੀ ਦਾ ਝੰਡਾ ਸਭਨਾਂ ਕਿਸਾਨ ਜੁਝਾਰੂਆਂ ਦਾ ਸਾਂਝਾ ਝੰਡਾ ਹੈ।
ਇਸ ਨੀਤੀ ਦੀ ਸਿੱਖਿਆ ਸਾਨੂੰ ਸਾਡੇ ਕਰਤਾਰ ਸਿੰਘ ਸਰਾਭੇ ਦੀ ਗ਼ਦਰ ਪਾਰਟੀ ਦੇ ਜੁਝਾਰ ਸ਼ਹੀਦਾਂ ਤੋਂ ਮਿਲੀ ਹੈ। ਸਾਡੇ ਗ਼ਦਰੀ ਬਾਬਿਆਂ ’ਚ ਸਭ ਧਰਮਾਂ ਦੇ ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਸ਼ਾਮਲ ਸਨ। ਰੋਜ਼ਾਨਾ ਸਿੱਖੀ ਦੇ ਨਿਤਨੇਮ ’ਤੇ ਪਹਿਰਾ ਦੇਣ ਵਾਲੇ ਸ਼ਾਮਿਲ ਸਨ। ਪਰ ਉਨ੍ਹਾਂ ਨੇ ਨਿਸ਼ਾਨ ਸਾਹਿਬ ਨੂੰ ਆਪਣੀ ਪਾਰਟੀ ਦਾ ਝੰਡਾ ਨਹੀਂ ਬਣਾਇਆ। ਗ਼ਦਰ ਪਾਰਟੀ ਦੀਆਂ ਸਟੇਜਾਂ ਤੋਂ ਕਿਸੇ ਵੀ ਧਰਮ ਦੇ ਪ੍ਰਚਾਰ ਦੀ ਮਨਾਹੀ ਕੀਤੀ। ਉਹ ਗ਼ਦਰ ਪਾਰਟੀ ਦੇ ਸਾਂਝੇ ਝੰਡੇ ਹੇਠ ਸਿਰ ਤਲੀ ’ਤੇ ਧਰ ਕੇ ਆਜ਼ਾਦੀ ਲਈ ਸ਼ਹਾਦਤਾਂ ਦੇਣ ਖਾਤਰ ਨਿੱਤਰੇ। ਸ਼ਹੀਦ ਭਗਤ ਸਿੰਘ ਨੇ ਸਰਾਭੇ ਦੀ ਪਾਰਟੀ ਦੀ ਇਸ ਨੀਤੀ ਦੀ ਜ਼ੋਰਦਾਰ ਪ੍ਰਸੰਸਾ ਕੀਤੀ।
ਅਸੀਂ ਸਭਨਾ ਕਿਸਾਨਾਂ ਨੂੰ ਇਸ ਨੀਤੀ ’ਤੇ ਪਹਿਰਾ ਦੇਣ ਦੀ ਅਪੀਲ ਕਰਦੇ ਹਾਂ। ਆਓ, ਹਰ ਬੰਦੇ ਦੀ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰੀਏ। ਕਿਸੇ ਵੀ ਧਾਰਮਿਕ ਨਿਸ਼ਾਨ ਦੀ ਗਲਤ ਵਰਤੋਂ ਤੋਂ ਪਰਹੇਜ਼ ਕਰੀਏ। ਕਿਸੇ ਵੀ ਧਾਰਮਿਕ ਨਿਸ਼ਾਨ ਦੀ ਕਿਸਾਨੀ ਦੇ ਏਕੇ ਖਿਲਾਫ਼ ਖੁਦਗਰਜ਼ ਵਰਤੋਂ ਦਾ ਵਿਰੋਧ ਕਰੀਏ।
ਸੂਬਾ ਕਮੇਟੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)