ਕੈਪਟਨ ਵੱਲੋਂ ਨਵਜੋਤ ਸਿੱਧੂ ਸਣੇ ਕਈਆਂ ਨੂੰ ਧੋਬੀ ਪਟਕਾ ਮਾਰਨ ਦੀ ਤਿਆਰੀ

ਪੰਜਾਬ ਦਾ ਸਿਆਸੀ ਮੈਦਾਨ ਖ਼ਾਲੀ ਦੇਖ ਕੇ ਤੀਜੀ ਵਾਰੀ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਲੱਗੇ ਅਮਰਿੰਦਰ ਸਿੰਘ

ਸਿਹਤ ‘ਤੇ ਧਿਆਨ ਕੀਤਾ ਕੇਂਦਰਿਤ

ਨਵਜੋਤ, ਮਨਪ੍ਰੀਤ ਬਾਦਲ ਤੇ ਪ੍ਰਤਾਪ ਸਮੇਤ ਕਈ ਕਾਂਗਰਸੀਆਂ ਦੀਆਂ ਆਸਾਂ ‘ਤੇ ਫਿਰ ਸਕਦੈ ਪਾਣੀ

ਰਾਜੀਵ ਮਠਾੜੂ

ਚੰਡੀਗੜ੍ਹ, 8 ਜਨਵਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਮੁਡ ਤੋਂ ਸੂਬੇ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਸੰਜੋਣੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਖਾਸ ਕਰ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਵਿੱਚ ਪਹਿਲਾਂ ਵਰਗਾ ਵੱਕਾਰ ਬਹਾਲ ਨਹੀਂ ਹੋ ਸਕਿਆ ਤੇ ਆਮ ਆਦਮੀ ਪਾਰਟੀ ਨੂੰ ਹੁਣ ਤੱਕ ਕੋਈ ਅਜਿਹਾ ਆਗੂ ਨਹੀਂ ਮਿਲਿਆ ਜਿਸ ਨੂੰ ਸੂਬਾ ਪੱਧਰ ਦਾ ਚਿਹਰਾ ਉਭਾਰ ਕੇ ਵੋਟਾਂ ਮੰਗੀਆਂ ਜਾ ਸਕਣ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਖੇਤੀ ਕਾਨੂੰਨਾਂ ਦਾ ਅਜਿਹਾ ਗ੍ਰਹਿਣ ਲੱਗਾ ਹੈ ਕਿ ਅਜੇ ਤੱਕ ਪੰਜਾਬੀ ਇਸ ਪਾਰਟੀ ਦਾ ਨਾਮ ਲੈਣ ਲਈ ਵੀ ਤਿਆਰ ਨਹੀਂ ਹਨ। ਜਦੋਂ ਇਸ ਤਰ੍ਹਾਂ ਦਾ ਸਿਆਸੀ ਮਾਹੌਲ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਜੇਕਰ ਤੀਜੀ ਵਾਰੀ ਸੂਬੇ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਲੱਗੇ ਹਨ ਤਾਂ ਕੋਈ ਮਾੜੀ ਗੱਲ ਵੀ ਨਹੀਂ।

ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਨਾਲ ਰਾਤਰੀ ਭੋਜਨ ਮੌਕੇ ਇਕੱਤਰ ਹੋਏ ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰਾਂ ਵਿੱਚੋਂ ਇੱਕ ਨੇ ਜਦੋਂ ਸਵਾਲ ਕੀਤੀ ਕਿ ‘‘ਕੈਪਟਨ ਸਾਹਿਬ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਲੜੋਂਗੇ ਜਾਂ ਇਹ ਸੱਤਾ ਦੀ ਆਖਰੀ ਪਾਰੀ ਹੈ।’’ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ‘‘ਮੈਂ ਆਉਣ ਵਾਲੀਆਂ ਚੋਣਾਂ ਵੀ ਲੜਾਂਗਾ ਤੇ ਕਾਂਗਰਸ ਦੀ ਅਗਵਾਈ ਵੀ ਕਰਾਂਗਾ’’। ਆਪਣੀ ਇਸ ਗੱਲ ਨੂੰ ਪੁਖਤਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਲਈ ਇੱਕ ਉਤਸ਼ਾਹੀ ਸਿਆਸਤਦਾਨ ਦੇ ਤੌਰ ’ਤੇ ਵਿਚਰਾਂ ਤੇ ਲੋਕ ਪਹਿਲਾਂ ਵਾਂਗ ਭਰੋਸਾ ਕਰਨ। ਇਸ ਲਈ ਮੈਂ 13 ਕਿੱਲੋ ਭਾਰ ਘਟਾ ਲਿਆ ਹੈ। ਕੈਪਟਨ ਨੇ ਇੱਥੋਂ ਤੱਕ ਕਿਹਾ ਕਿ ਹੁਣ ਤਾਂ ਮੈਂ ਸ਼ੂਗਰ ਦੀ ਬਿਮਾਰੀ ’ਤੇ ਵੀ ਕਾਬੂ ਪਾਉਣ ਲੱਗਾ ਹਾਂ ਤੇ ਇੰਸੋਲੀਨ ਦੀ ਮਾਤਰਾ ਘੱਟ ਗਈ ਹੈ। ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ਼ੂਗਰ ਦੇ ਮਰੀਜ਼ ਹਨ ਤੇ ਉਨ੍ਹਾਂ ਨੂੰ ਸ਼ੂਗਰ ’ਤੇ ਕਾਬੂ ਪਾਉਣ ਲਈ ਰੋਜ਼ਾਨਾ ਇੰਸੋਲੀਨ ਦੀ ਦਵਾਈ ਜਾਂ ਟੀਕੇ ਲਾਉਣੇ ਪੈਂਦੇ ਸਨ।

ਮੁੱਖ ਮੰਤਰੀ ਵੱਲੋਂ ਆਪਣੀ ਸਿਹਤ ’ਤੇ ਪੂਰਾ ਧਿਆਨ ਦੇਣ। ਡਾਈਟੀਸ਼ੀਅਨ ਦੀ ਸਲਾਹ ਦੇ ਮੁਤਾਬਿਕ ਪੂਰੀ ਤਰ੍ਹਾਂ ਨਾਪ ਤੋਲ ਕੇ ਖਾਣ ਪੀਣ ਦੀਆਂ ਆਦਤਾਂ ਅਪਣਾ ਲਈਆਂ ਹਨ ਤੇ ਚਾਹ ਦੀ ਥਾਂ ਕੌਫ਼ੀ ਨੇ ਲੈ ਲਈ ਹੈ। ਹਾਲਾਂਕਿ ਖਾਣ ਪੀਣ ਦੇ ਸ਼ੌਕੀਨ ਮੰਨੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਸੇ ਵੀ ਤਰ੍ਹਾਂ ਦਾ ਪਰਹੇਜ਼ ਨਾ ਕਰਨ ਅਤੇ ਸਿਹਤ ਦੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਦੇ ਕਿੱਸੇ ਉਨ੍ਹਾਂ ਦੇ ਨੇੜਲਿਆਂ ਵੱਲੋਂ ਅਕਸਰ ਸੁਣਾਏ ਜਾਂਦੇ ਹਨ। ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋਣ ਅਤੇ ਭਾਰ ਘਟਣ ਦੇ ਤੱਥਾਂ ਦੀ ਪੁਸ਼ਟੀ ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਕੀਤੀ ਹੈ।

ਇਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਖ਼ੁਫ਼ੀਆ ਵਿੰਗ ਦੀਆਂ ਰਿਪੋਰਟਾਂ ਮੁਤਾਬਿਕ ਅਕਾਲੀਆਂ ਦੇ ਪੈਰ ਨਹੀਂ ਲੱਗ ਰਹੇ, ਆਮ ਆਦਮੀ ਪਾਰਟੀ ਨੂੰ ਕੋਈ ਨੇਤਾ ਨਹੀਂ ਮਿਲ ਰਿਹਾ। ਭਾਰਤੀ ਜਨਤਾ ਪਾਰਟੀ ਕੋਈ ਸੀਟ ਜਿੱਤ ਸਕਣ ਦੇ ਸਮਰੱਥ ਹੀ ਨਹੀਂ ਹੈ। ਇਸ ਲਈ ਸਾਲ 2020 ਵਿੱਚ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਅੰਦਰ ਕਾਂਗਰਸ ਪਾਰਟੀ ਵਾਸਤੇ ਮੈਦਾਨ ਪੂਰੀ ਤਰ੍ਹਾਂ ਸਾਫ਼ ਹੈ। ਪੰਜਾਬੀਆਂ ਨੂੰ ਇੱਕ ਗੱਲ ਚੇਤੇ ਹੋਵੇਗੀ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਸੀ ਕਿ ਇਹ ਚੋਣ ਮੇਰੀ ਜ਼ਿੰਦਗੀ ਦੀ ਆਖਰੀ ਚੋਣ ਹੈ। ਪੰਜਾਬ ਤੋਂ ਉੱਠੇ ਕਿਸਾਨੀ ਅੰਦੋਲਨ ਦੇ ਕੌਮੀ ਪੱਧਰ ਦਾ ਅੰਦੋਲਨ ਬਣ ਜਾਣ ਨਾਲ ਸਭ ਤੋਂ ਵੱਧ ਨੁਕਸਾਨ ਭਾਜਪਾ ਨੂੰ ਹੋਇਆ ਤੇ ਫਿਰ ਅਕਾਲੀਆਂ ਨੂੰ। ਕਾਂਗਰਸ ਇਸ ਅੰਦੋਲਨ ਦੌਰਾਨ ਫ਼ਾਇਦੇ ਵਿੱਚ ਦਿਖਾਈ ਦੇ ਰਹੀ ਹੈ। ਕਿਸਾਨ ਅੰਦੋਲਨ ਦੇ ਭਵਿੱਖ ’ਤੇ ਵੀ ਮੁੱਖ ਮੰਤਰੀ ਦੀਆਂ ਪੂਰੀਆਂ ਨਜ਼ਰਾਂ ਹਨ ਕਿ ਇਸ ਅੰਦੋਲਨ ਦੇ ਜੇਤੂ ਹੋਣ ਜਾਂ ਫ਼ੇਲ੍ਹ ਹੋਣ ਦੀ ਸੂਰਤ ਵਿੱਚ ਵਿਰੋਧੀਆਂ ’ਤੇ ਕਿਸ ਤਰ੍ਹਾਂ ਦੀ ਹਮਲਾਵਰ ਰੁਖ਼ ਧਾਰਨ ਕਰਨਾ ਹੈ ਤੇ ਸਿਆਸੀ ਲਾਹਾ ਕਿਸ ਤਰ੍ਹਾਂ ਲੈਣਾ ਹੈ।

ਕੈਪਟਨ ਦੇ ਜਾਨਸ਼ੀਨ ਬਣਨ ਦੀ ਲਾਲਸਾ ਵਿੱਚ ਬੈਠੇ ਕਾਂਗਰਸ ਦੇ ਹੀ ਕਈ ਆਗੂਆਂ ਦੀਆਂ ਉਮੀਦਾਂ ਧਰੀਆਂ ਧਰਾਈਆਂ ਰਹਿ ਸਕਦੀਆਂ ਹਨ। ਇਨ੍ਹਾਂ ਨੇਤਾਵਾਂ ਵਿੱਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪ੍ਰਮੁੱਖ ਹਨ। ਮੁੱਖ ਮੰਤਰੀ ਦੀ ਕੁਰਸੀ ’ਤੇ ਮਨਪ੍ਰੀਤ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਨੇ ਵੀ ਅੱਖ ਧਰੀ ਹੋਈ ਹੈ। ਕਾਂਗਰਸ ਅੰਦਰਲੇ ਸੂਤਰਾਂ ਦਾ ਦੱਸਣਾ ਹੈ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਅਗਲੀਆਂ ਚੋਣਾਂ ਦੀ ਅਗਵਾਈ ਕਰਾਉਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪ੍ਰਿਅੰਕਾ ਗਾਂਧੀ ਦੇ ਇਸ ਵਾਅਦੇ ਨੂੰ ਸਿਰੇ ਲਾਉਣ ਖ਼ਾਤਰ ਪਿਛਲੇ ਮਹੀਨਿਆਂ ਦੌਰਾਨ ਇਹ ਅਭਿਆਸ ਵੀ ਕੀਤਾ ਗਿਆ। ਇਸ ਦੇ ਉਲਟ ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਦੀ ਥਾਂ ਮੰਤਰੀ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਇਸ ਲਈ ਵੀ ਕਿਉਂਕਿ ਕਿਸੇ ਵੀ ਸਿਆਸੀ ਆਗੂ ਦੇ ਪਾਰਟੀ ਦਾ ਸੂਬਾ ਪ੍ਰਧਾਨ ਬਣਨ ਨਾਲ ਕੱਦ ਹੀ ਨਹੀਂ ਵਧੇਗਾ ਸਗੋਂ ਪਾਰਟੀ ਦੇ ਅੰਦਰ ਇੱਕ ਧੜਾ ਕਾਇਮ ਹੋ ਜਾਵੇਗਾ, ਭਵਿੱਖ ਵਿੱਚ ਪਾਰਟੀ ਦੀਆਂ ਟਿਕਟਾਂ ਦਿਵਾਉਣ ’ਚ ਦਖ਼ਲ ਹੋਵੇਗਾ ਤੇ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣ ਜਾਵੇਗਾ।

ਨਵਜੋਤ ਸਿੰਘ ਸਿੱਧੂ ਵੱਲੋਂ ਵੀ ਪ੍ਰਧਾਨਗੀ ’ਤੇ ਅੱਖ ਰੱਖੀ ਜਾ ਰਹੀ ਹੈ ਪਰ ਮੁੱਖ ਮੰਤਰੀ ਦੇ ਦਾਅਵੇ ਸਿੱਧੂ ਦੇ ਸੁਪਨੇ ਚਕਨਾਚੂਰ ਕਰ ਸਕਦੇ ਹਨ। ਮੁੱਖ ਮੰਤਰੀ ਦੇ ਦਾਅ-ਪੇਚ ਇਸ ਲਈ ਵੀ ਸਿਰੇ ਲੱਗਦੇ ਦਿਖਾਈ ਦੇ ਰਹੇ ਹਨ ਕਿਉਂਕਿ ਕਾਂਗਰਸ ਪਾਰਟੀ ਅੰਦਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਉਸ ਤੋਂ ਜਾਪਦਾ ਹੈ ਕਿ ਗਾਂਧੀ ਪਰਿਵਾਰ ਦੀ ਪਕੜ ਪਾਰਟੀ ’ਤੇ ਢਿੱਲੀ ਪੈਂਦੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਸਾਲ 2019 ਵਿੱਚ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤੇ ਪਾਰਟੀ ਦਾ ਕੰਮ ਹੁਣ ਤੱਕ ਸ੍ਰੀਮਤੀ ਸੋਨੀਆ ਗਾਂਧੀ ਹੀ ਚਲਾ ਰਹੇ ਹਨ। ਦੇਸ਼ ਅੰਦਰ 2019 ਦੀਆਂ ਚੋਣਾਂ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਖਾਸ ਕਰ ਹਰਿਆਣਾ, ਦਿੱਲੀ, ਬਿਹਾਰ ਦੀਆਂ ਚੋਣਾਂ ’ਚ ਪਾਰਟੀ ਨੂੰ ਨਮੋਸ਼ੀ ਹੀ ਝੱਲਣੀ ਪਈ ਹੈ।

ਇਸ ਤੋਂ ਬਿਨਾਂ ਸਭ ਤੋਂ ਵੱਡੀ ਗੱਲ ਕਰਨਾਟਕਰਾ ਅਤੇ ਮੱਧ ਪ੍ਰਦੇਸ਼ ਦੀ ਸੱਤਾ ਹੱਥੋਂ ਖੁੱਸ ਗਈ ਤੇ ਰਾਜਸਥਾਨ ’ਚ ਡਿਗਦੀ ਡਿਗਦੀ ਸਰਕਾਰ ਮੁਸ਼ਕਿਲ ਨਾਲ ਹੀ ਬਚਾਈ ਹੈ। ਹੁਣ ਇਹ ਸਮਾਂ ਹੀ ਦੱਸੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਿਆਂ ਨੂੰ ਬੂਰ ਪੈਂਦਾ ਹੈ ਜਾਂ ਨਹੀਂ ਤੇ ਪੰਜਾਬ ਦੇ ਲੋਕ ਪਹਿਲਾਂ ਵਾਂਗ ਮੁੱਖ ਮੰਤਰੀ ’ਤੇ ਭਰੋਸਾ ਕਰਨਗੇ। ਕਿਉਂਕਿ ਸਿਆਸੀ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਅਜਿਹਾ ਕੋਈ ਵੱਡਾ ਕਾਰਨਾਮਾ ਜਾਂ ਕੰਮ ਨਹੀਂ ਕੀਤਾ ਜਿਸ ਕਰਕੇ ਲੋਕ ਹੁੱਬ ਕੇ ਵੋਟ ਪਾਉਣ ਅਤੇ ਦਿਲ ਜਾਨ ਤੋਂ ਕਾਂਗਰਸ ਪਾਰਟੀ ਨੂੰ ਹਮਾਇਤ ਕਰਨ।

Leave A Reply

Your email address will not be published.