ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਲੱਗਿਆ ਸਵਾਲੀਆ ਨਿਸ਼ਾਨ

ਪਾਰਟੀ ਦੀ ਡੁਬਦੀ ਬੇਡ਼ੀ ਨੂੰ ਬਚਾਉਣ ਲਈ ਅਕਾਲੀਆਂ ਦੀ ਮੁਡ਼ ਵੱਡ਼ੇ ਬਾਦਲ ’ਤੇ ਟੇਕ

ਚੰਦੂਮਾਜਰਾ ਨੇ ਖੁਲਾਸਿਆਂ ਨੇ ਸੁਖਬੀਰ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ

ਸ਼ਤਾਬਦੀ ਵਰ੍ਹੇ ’ਚ ਪਹੁੰਚੀ ਪਾਰਟੀ ਨੂੰ ਗੰਭੀਰ ਸੰਕਟ ’ਚੋਂ ਕੱਢਣਾ ਹੀ ਵੱਡੀ ਚੁਣੌਤੀ


ਪੰਜਾਬ ਬਿਊਰੋ
ਚੰਡੀਗਡ਼੍ਹ, 5 ਜਨਵਰੀ
ਪੰਜਾਬ ਦੀ ਸੱਤਾ ’ਤੇ ਲਗਾਤਾਰ ਇੱਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀਆਂ ਚੁਣੌਤੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹੁਣ ਇਹ ਪ੍ਰਭਾਵ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਰਹੀਆਂ ਹਨ ਕਿ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਪਾਰਟੀ ਨੂੰ 95 ਵਰ੍ਹਿਆਂ ਦੀ ਉਮਰ ਤੱਕ ਢੁੱਕੇ ਪ੍ਰਕਾਸ਼ ਸਿੰਘ ਬਾਦਲ ਹੀ ਬਚਾ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋਡ਼ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੌਮੀ ਪੱਧਰ ’ਤੇ ਖੇਤਰੀ ਪਾਰਟੀਆਂ ਦਾ ਇੱਕ ਮੰਚ ਬਨਾਉਣ ਦੀਆਂ ਕੀਤੀਆਂ ਪਹਿਲਕਦੀਆਂ ਨੂੰ ਇਸ ਕਰਕੇ ਬਰੇਕਾਂ ਲੱਗ ਗਈਆਂ ਕਿਉਂਕਿ ਖੇਤਰੀ ਪਾਰਟੀਆਂ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਕੌਮੀ ਪੱਧਰ ’ਤੇ ਕੋਈ ਮੰਚ ਖਡ਼੍ਹਾ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਅਕਾਲੀ ਦਲ ਵੱਲੋਂ ਖੇਤੀ ਪਾਰਟੀਆਂ ਨਾਲ ਤਾਲਮੇਲ ਬਨਾਉਣ ਲਈ ਕਾਇਮ ਕੀਤੀ ਕਮੇਟੀ ਦੇ ਅਹਿਮ ਮੈਂਬਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿਛਲੇ ਦਿਨੀ ਮੀਡੀਆ ਰਾਹੀਂ ਕੀਤਾ ਹੈ। ਚੰਦੂਮਾਜਰਾ ਵੱਲੋਂ ਕੀਤੇ ਖੁਲਾਸਿਆਂ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕੌਮੀ ਪੱਧਰ ’ਤੇ ਖੇਤਰੀ ਪਾਰਟੀਆਂ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਅਹਿਮ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਹੀ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਬਣਾਇਆ ਜਾਵੇਗਾ। ਇਸ ਤੋ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਹਿਸਾਬ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਵੀ ਉਨ੍ਹਾਂ (ਸੁਖਬੀਰ) ਨੂੰ ਲੀਡਰ ਵਜੋਂ ਸਵੀਕਾਰ ਨਹੀਂ ਕਰ ਰਹੇ। ਇਹ ਜ਼ਿਕਰਯੋਗ ਹੈ ਕਿ ਵੱਡੇ ਬਾਦਲ ਇੱਕ ਤਰ੍ਹਾਂ ਨਾਲ ਹੁਣ ਸਰਗਰਮ ਰਾਜਨੀਤੀ ਤੋਂ ਲਾਂਭੇ ਹੋ ਚੁੱਕੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ’ਚ ਕੋਈ ਦਖਲ ਨਹੀਂ ਦੇ ਰਹੇ। ਇਹ ਗੱਲ ਸਭ ਨੂੰ ਭਲੀ ਭਾਂਪ ਚੇਤੇ ਹੋਵੇਗੀ ਕਿ ਜਦੋਂ ਸਾਲ 2007 ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦੇ ਚਰਚੇ ਗਲੀ ਗਲੀ ਹੋਣ ਲੱਗੇ ਸਨ। ਸਾਲ 2012 ਵਿੱਚ ਦੋਹਾਂ ਪਾਰਟੀਆਂ ਦੇ ਮੁਡ਼ ਸੱਤਾ ’ਚ ਆਉਣ ਤੋਂ ਬਾਅਦ ਤਾਂ ਸੁਖਬੀਰ ਸਿੰਘ ਬਾਦਲ ਦੀ ਗੁੱਡੀ ਸੱਤਵੇਂ ਅਸਮਾਨ ’ਤੇ ਜਾ ਚਡ਼੍ਹੀ ਸੀ। ਇਹ ਇੱਕ ਅਜਿਹਾ ਦੌਰ ਸੀ ਜਦੋਂ ਅਕਾਲੀ ਦਲ ਦੇ ਆਗੂਆਂ ਅੰਦਰ ਸੇਵਾ ਤੇ ਤਿਆਗ ਦੀ ਥਾਂ ਹਾਊਮੈ ਨੇ ਲਈ ਸੀ।

ਦੇਸ਼ ਦੀ ਇੱਕ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦਾ ਇਹ ਸ਼ਤਾਬਦੀ ਵਰ੍ਹਾ ਹੈ। ਇਸ ਨੂੰ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਸ਼ਤਾਬਦੀ ਵਰ੍ਹੇ ਦੌਰਾਨ ਅਕਾਲੀ ਦਲ ਚਡ਼੍ਹਦੀ ਕਲਾ ਵਿੱਚ ਦਿਖਾਈ ਨਹੀਂ ਦੇ ਰਿਹਾ। ਸਪੱਸ਼ਟ ਤੌਰ ’ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਤਾਬਦੀ ਵਰ੍ਹੇ ਦੌਰਾਨ ਵਰਤਮਾਨ ਚੁਣੌਤੀਆਂ ਨਾਲ ਸਿੱਝਣਾ ਹੀ ਅਕਾਲੀ ਦਲ ਲਈ ਵੱਡਾ ਸੰਕਟ ਹੈ ਕਿੳਂਕਿ ਇੱਕ ਸਾਲ ਬਾਅਦ ਵਿਧਾਨ ਸਭਾ ਚੋਣਾਂ ਵੀ ਆਉਣ ਵਾਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਲਈ ਇਸ ਖ਼ਤਮ ਹੋ ਰਹੇ ਸਾਲ ਦੇ ਅੰਤਲੇ ਦਿਨਾਂ ਦੌਰਾਨ ਸ਼ਤਾਬਦੀ ਦਿਨ ਮੌਕੇ ਵੱਡੇ ਜਸ਼ਨ ਮਨਾ ਕੇ ਜਾਂ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਅੰਦਰ ਗੁਆਚੀ ਸਾਖ਼ ਨੂੰ ਬਹਾਲ ਕੀਤਾ ਜਾ ਸਕਦਾ ਸੀ ਪਰ ਕਿਸਾਨੀ ਅੰਦੋਲਨ ਦੇ ਚਲਦਿਆਂ ਪਾਰਟੀ ਦੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। ਅਹਿਮ ਤੱਥ ਇਹ ਹੈ ਕਿ ਗੁਰੂਦੁਆਰਾ ਸੁਧਾਰ ਲਹਿਰ ’ਚੋਂ ਨਿੱਕਲੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਸੰਕਟ ਇਹੀ ਹੈ ਕਿ ਗੁਰੂ ਘਰਾਂ ਦੀ ਰਾਖੀ ਲਈ ਕਾਇਮ ਹੋਈ ਇਸ ਪਾਰਟੀ ਦੇ ਆਗੂਆਂ ’ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਲੱਗ ਗਏ। ਇਹ ਦੋਸ਼ ਅਕਾਲੀਆਂ ’ਤੇ ਸੱਤਾਧਾਰੀ ਹੁੰਦਿਆਂ ਲੱਗੇ ਜੋ ਕਿ ਹੁਣ ਤੱਕ ਪਿੱਛਾ ਨਹੀਂ ਛੱਡ ਰਹੇ। ਪੰਜਾਬ ਤੋਂ ਉਠਿਆ ਕਿਸਾਨੀ ਅੰਦੋਲਨ ਜਦੋਂ ਕਿ ਹੁਣ ਕੌਮੀ ਪੱਧਰ ਤੱਕ ਫੈਲ ਗਿਆ ਹੈ। ਇਸ ਅੰਦਲੋਨ ਦਾ ਅਧਾਰ ਬਣੇ ਖੇਤੀ ਕਾਨੂੰਨ ਸਬੰਧੀ ਆਰਡੀਨੈਂਸ ਜਦੋਂ ਜੂਨ 2020 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਜਾਂਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੇਂਦਰ ਦੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਥਾਂ ਝੰਡਾ ਬਰਦਾਰ ਬਣ ਜਾਂਦੇ ਹਨ। ਸਤੰਬਰ ਮਹੀਨੇ ਜਦੋਂ ਕਿਸਾਨੀ ਅੰਦੋਲਨ ਸਿਖਰ ਤੱਕ ਪਹੁੰਚ ਗਿਆ ਤੇ ਅਕਾਲੀ ਦਲ ਨੂੰ ਆਪਣਾ ਵੋਟ ਬੈਂਕ ਖੁੱਸਦਾ ਦਿਖਾਈ ਦੇਣ ਲੱਗਾ ਤਾਂ ਕੇਂਦਰੀ ਵਜ਼ਾਰਤ ਵਿੱਚੋਂ ਅਸਤੀਫਾ ਅਤੇ ਕੌਮੀ ਜਮਹੂਰੀ ਗੱਠਜੋਡ਼ ਨਾਲੋਂ ਨਾਤਾ ਤੋਡ਼ਨ ਦਾ ਐਲਾਨ ਕਰਨਾ ਪਿਆ। ਇੱਥੋਂ ਤੱਕ ਕਿ ਅਕਾਲੀ ਦਲ ਹੁਣ ਹਮ ਖਿਆਲ ਪਾਰਟੀਆਂ ਨਾਲ ਸਾਂਝਾ ਮੰਚ ਤਿਆਰ ਕਰਨ ਦੇ ਰਾਹ ਪਿਆ ਹੈ।


ਸ਼੍ਰੋਮਣੀ ਅਕਾਲੀ ਦਲ ਜੋ ਮੁੱਢ ਤੋਂ ਵੀ ਰਾਜਾਂ ਨੂੰ ਵੱਧ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਖਾਤਰ ਡਟਦਾ ਆਉਂਦਾ ਰਿਹਾ ਹੈ। ਇਸ ਪਾਰਟੀ ਦੀ ਬੁਨਿਆਦ ਹੀ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਰਾਜਾਂ ਨੂੰ ਵੱਧ ਅਧਿਕਾਰਾਂ ’ਤੇ ਅਧਾਰਿਤ ਰਹੀ ਹੈ। ਖੇਤੀ ਆਰਡੀਨੈਂਸ ਦੇ ਹੱਕ ’ਚ ਡਟਣ ਕਾਰਨ ਅਕਾਲੀ ਦਲ ਦੇ ਇਸ ਵੱਕਾਰ ਨੂੰ ਧੱਕਾ ਲੱਗਾ ਹਾਲਾਂਕਿ ਅਕਾਲੀ ਦਲ ਨੇ ਪਾਰਲੀਮੈਂਟ ਵੱਲੋਂ ਪਾਸ ਕੀਤੇ ਕਾਨੂੰਨਾਂ ਦਾ ਵਿਰੋਧ ਕਰਕੇ ਸਾਖ ਬਚਾਉਣ ਦੇ ਯਤਨ ਜ਼ਰੂਰ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 1996 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਜੋ ਐਲਾਨ ਕੀਤਾ ਸੀ ਉਹ ਸਿਆਸੀ ਸਾਂਝ ਅਕਤੂਬਰ 2020 ਤੱਕ ਨਿਭਦੀ ਰਹੀ। ਪੰਜਾਬ ਵਿੱਚ ਤਿੰਨ ਵਾਰੀ ਸਰਕਾਰ ਦਾ ਗਠਨ ਕਰਨ ਵਾਲੇ ਇਸ ਗੱਠਜੋਡ਼ ਦਾ ਟੁੱਟਣਾ ਪੰਜਾਬ ਦੀ ਸਿਆਸਤ ਵਿੱਚ ਵੱਡੀ ਰਾਜਨੀਤਕ ਘਟਨਾ ਮੰਨਿਆ ਜਾ ਰਿਹਾ ਹੈ। ਇਹ ਵੀ ਪ੍ਰਤੱਖ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਲ 2017 ਤੋਂ ਬਾਅਦ ਜਿਵੇਂ ਆਪਣੀਆਂ ਸਰਗਰਮੀਆਂ ਘਟਾਈਆਂ ਸਨ ਇਸ ਸਾਲ ਦੌਰਾਨ ਉਨ੍ਹਾਂ ਆਪਣੀਆਂ ਗਤੀਵਿਧੀਆਂ ਹੋਰ ਵੀ ਸੀਮਤ ਕਰ ਲਈਆਂ ਹਨ। ਪਾਰਟੀ ਦੀ ਮੁਕੰਮਲ ਕਮਾਂਡ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਪਾਰਟੀ ਦੇ ਸੀਨੀਅਰ ਆਗੂ ਖੁਦ ਮੰਨਦੇ ਹਨ ਕਿ ਇਸ ਸਮੇਂ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤਿੰਨਾਂ ਦਾ ਹੀ ਅਕਾਲੀ ਦਲ ’ਤੇ ਇੱਕ ਤਰ੍ਹਾਂ ਨਾਲ ਕੰਟਰੋਲ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਿੱਖ ਸੰਘਰਸ਼ ਅਤੇ ਗੁਰਦੁਆਰਾ ਸੁਧਾਰ ਲਹਿਰ ’ਚੋਂ ਲੱਖਾਂ ਕੁਰਬਾਨੀਆਂ ਤੋਂ ਬਾਅਦ ਹੋਂਦ ’ਚ ਆਈ ਭਾਰਤ ਦੀ ਦੂਜੇ ਨੰਬਰ ’ਤੇ ਸਭ ਤੋਂ ਪੁਰਾਣੀ ਮੰਨੀ ਜਾਂਦੀ ਪਾਰਟੀ ਸ਼ਤਾਬਦੀ ਵਰ੍ਹੇ ਤੱਕ ਪਹੁੰਚ ਕੇ ਪਰਿਵਾਰ ਦੇ ਦੁਆਲੇ ਹੀ ਸੀਮਤ ਹੋ ਗਈ ਹੈ।

2 Comments
  1. Kuldeep Singh Khaira says

    ਬਹੁਤ ਡੂੰਘੀ ਸਿਆਸਤ ਖੇਡਣ ਦੀ ਫਿਰਾਕ ਚ ਹਨ ਜੁਆਰੀਏ, ਹਾਰੀ ਹੋਈ ਬਾਜ਼ੀ ਜਿੱਤਣ ਲਈ।
    ਪਰ ਉਮੀਦ ਹੈ ਕਿ ਅਕਾਲ ਪੁਰਖ ਦੂਰ ਖੜ ਕੇ ਤਮਾਸ਼ਾ ਹੀ ਨਹੀਂ ਦੇਖੇਗਾ। ਓਹ ਕੋਈ ਨੇ ਕੋਈ ਕੌਤਕ ਜ਼ਰੂਰ ਵਰਤਾਉਗਾ।

  2. Rakesh says

    Very good and detailed information about today’s Akali party

Leave A Reply

Your email address will not be published.